ਬੀਐੱਸ ਚਾਨਾ
ਸ੍ਰੀ ਅਨੰਦਪੁਰ ਸਾਹਿਬ, 3 ਜੂਨ
ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਖ਼ਤ ਕੇਸਗੜ੍ਹ ਸਾਹਿਬ ਦੇ ਚੌਗਿਰਦੇ ਨੂੰ ਸੁੰਦਰ ਬਣਾਉਣ ਦੇ ਮੰਤਵ ਦੇ ਨਾਲ ਸ਼ੁਰੂ ਕੀਤਾ ਗਿਆ ਸੁੰਦਰੀਕਰਨ ਪ੍ਰਾਜੈਕਟ ਤੇਜ਼ੀ ਫੜਦਾ ਜਾ ਰਿਹਾ ਹੈ। ਹੋਲਾ ਮਹੱਲਾ ਦੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਨਿਸ਼ਕਾਮ ਸੇਵਕ ਜਥਾ ਯੂਕੇ ਦੇ ਮੁਖੀ ਬਾਬਾ ਮਹਿੰਦਰ ਸਿੰਘ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਦੇ ਵੱਲੋਂ ਟੱਕ ਲਗਾ ਕੇ ਇਸ ਸੁੰਦਰੀਕਰਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਸੁੰਦਰੀਕਰਨ ਪ੍ਰਾਜੈਕਟ ਦੀ ਕਾਰ ਸੇਵਾ ਨਿਸ਼ਕਾਮ ਸੇਵਕ ਜਥਾ ਯੂਕੇ ਵਾਲਿਆਂ ਵਲੋਂ ਕੀਤੀ ਜਾ ਰਹੀ ਹੈ। ਇਸ ਤਹਿਤ ਤਖ਼ਤ ਸਾਹਿਬ ਦੇ ਆਲੇ ਦੁਆਲੇ ਨੂੰ ਖੂਬਸੂਰਤ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਅਤੇ ਮੈਨੇਜਰ ਦੀਆਂ ਪੁਰਾਣੀਆਂ ਰਿਹਾਇਸ਼ਾਂ ਤੋੜਨ ਉਪਰੰਤ ਉਕਤ ਸਥਾਨ ’ਤੇ ਬਣਾਏ ਜਾ ਰਹੇ ਤਖ਼ਤ ਸਾਹਿਬ ਦੇ ਪ੍ਰਬੰਧਕੀ ਬਲਾਕ, ਸਿੰਘ ਸਾਹਿਬ ਦੀ ਨਵੀਂ ਰਿਹਾਇਸ਼, ਸਕੱਤਰੇਤ, ਗੱਠੜੀ ਘਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਬਾਰੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਵਿਸ਼ੇਸ਼ ਤੌਰ ’ਤੇ ਇਸ ਸਮੁੱਚੇ ਪ੍ਰਾਜੈਕਟ ਦੀ ਦੇਖ ਰੇਖ ਕਰ ਰਹੇ ਨਿਸ਼ਕਾਮ ਸੇਵਾ ਜਥਾ ਯੂਕੇ ਦੇ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਿਸ਼ਕਾਮ ਸੇਵਕ ਜਥਾ ਯੂਕੇ ਦੇ ਮੁੱਖ ਪ੍ਰਬੰਧਕ ਬਾਬਾ ਮਹਿੰਦਰ ਸਿੰਘ ਦੀ ਅਗਵਾਈ ’ਚ ਸ਼ੁਰੂ ਕੀਤੇ ਇਸ ਪ੍ਰਾਜੈਕਟ ’ਚ ਜ਼ਮੀਨਦੋਜ਼ ਵਿਸ਼ਾਲ ਗੱਠੜੀਘਰ, ਜੋੜਾ ਘਰ, ਪਹਿਲੀ ਮੰਜ਼ਿਲ ’ਤੇ ਤਖ਼ਤ ਸਾਹਿਬ ਦਾ ਪ੍ਰਬੰਧਕੀ ਬਲਾਕ, ਸਿੰਘ ਸਾਹਿਬ ਸਕੱਤਰੇਤ, ਰਿਹਾਇਸ਼ ਅਤੇ ਇੱਕ ਵਿਸ਼ਰਾਮ ਘਰ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਤਖ਼ਤ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਦੁਮਾਲਗੜ੍ਹ ਮੰਜੀ ਸਾਹਿਬ ਨੂੰ ਜਾਣ ਲਈ ਜਿੱਥੇ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ, ਉਥੇ ਹੀ ਗੁਰਦੁਆਰਾ ਮੰਜੀ ਸਾਹਿਬ ਦੀ ਪਰਿਕਰਮਾ ਨੂੰ ਵੱਡਾ ਅਤੇ ਚੌੜਾ ਕਰਨ ਤਹਿਤ ਤਖ਼ਤ ਸਾਹਿਬ ਦੇ ਪ੍ਰਬੰਧਕੀ ਬਲਾਕ ਨੂੰ ਇਥੋਂ ਹਟਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਇਸੇ ਪਰਿਕਰਮਾ ਦੇ ਹੇਠੋਂ ਇਤਿਹਾਸਕ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਰਸਤੇ ਨੂੰ ਵੀ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਜਿੱਥੇ ਤਖ਼ਤ ਸਾਹਿਬ ਦੇ ਆਲੇ ਦੁਆਲੇ ਦੇ ਸਾਰੇ ਹਿੱਸੇ ਨੂੰ ਹਰਿਆ ਭਰਿਆ, ਖ਼ੂਬਸੂਰਤ ਅਤੇ ਖੁੱਲ੍ਹਾ ਬਣਾਇਆ ਜਾਵੇਗਾ, ਉਥੇ ਹੀ ਤਖ਼ਤ ਸਾਹਿਬ ਦੇ ਸਾਹਮਣੇ ਪੈਂਦੇ ਨੰਗਲ‑ਰੂਪਨਗਰ ਮੁੱਖ ਮਾਰਗ ਤੋਂ ਆਉਂਦੀ ਸੜਕ ’ਤੇ ਇਕ ਸੁੰਦਰ ਅਤੇ ਵਿਸ਼ਾਲ ਗੇਟ ਦੀ ਉਸਾਰੀ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰੋਵਰ ਦੇ ਸਾਹਮਣੇ ਬਣੇ ਵੱਡੇ ਅਤੇ ਖੁੱਲ੍ਹੇ ਮੈਦਾਨ ’ਚ ਸਥਿਤ ਪਾਰਕਿੰਗ ਤੋਂ ਪੁਲ ਰਾਹੀਂ ਸਿੱਧਾ ਤਖ਼ਤ ਸਾਹਿਬ ਨੂੰ ਰਸਤਾ ਵੀ ਜੋੜਿਆ ਜਾਵੇਗਾ, ਜਿਸ ਵਿੱਚ ਸੰਗਤਾਂ ਨੂੰ ਪੁਲ ਤੱਕ ਪਹੁੰਚਾਉਣ ਲਈ ਅਤਿ ਅਧੁਨਿਕ ਲਿਫਟ ਵੀ ਲਗਾਈ ਜਾਵੇਗੀ। ਪੁਲ ਦੇ ਸਹਾਰੇ ਸੰਗਤ ਸਿੱਧੀ ਤਖ਼ਤ ਸਾਹਿਬ ਦੀ ਪਰਿਕਰਮਾ ’ਚ ਪਹੁੰਚ ਸਕੇਗੀ, ਜਿਸ ਨਾਲ ਬੱਚਿਆਂ ਬਜ਼ੁਰਗਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਤਖ਼ਤ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ’ਤੇ ਗੇਟ ਉਸਾਰੇ ਜਾਣਗੇ ਅਤੇ ਰਾਤ ਵੇਲੇ ਮੁੱਖ ਦੋ ਗੇਟ ਖੁੱਲ੍ਹੇ ਰੱਖਕੇ ਬਾਕੀ ਇੱਕ ਨਿਰਧਾਰਤ ਸਮੇਂ ਲਈ ਬੰਦ ਹੋਇਆ ਕਰਨਗੇ। ਸੰਨ 1999 ਵਿੱਚ ਖ਼ਾਲਸਾ ਪੰਥ ਦੇ ਤਿੰਨ ਸੌ ਸਾਲਾ ਦਿਵਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੀ ਪਰਿਕਰਮਾ ਨੂੰ ਚੌੜਾ ਕਰਨ ਦਾ ਕੰਮ ਵੀ ਉਸ ਸਮੇਂ ਨਿਸ਼ਕਾਮ ਸੇਵਕ ਜਥਾ ਯੂਕੇ ਵੱਲੋਂ ਹੀ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ ਸੀ।