ਖੇਤਰੀ ਪ੍ਰਤੀਨਿਧ
ਪਟਿਆਲਾ, 7 ਜੂਨ
ਪੰਜਾਬ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਅਣ ਅਧਿਕਾਰਤ ਕਲੋਨੀਆਂ ਦੀਆਂ ਰਜਿਸਟਰੀਆਂ ਕਰਨ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਦੋ ਤਹਿਸੀਲਦਾਰਾਂ ਅਤੇ ਇੱਕ ਨਾਇਬ ਤਹਿਸੀਲਦਾਰ ਦੀ ਬਹਾਲੀ ਲਈ ਸੂਬੇ ਦੇ ਸਮੂਹ ਤਹਿਸੀਲਦਾਰਾਂ ਅਤੇ ਨਾਇਬ ਤਹਿਸਲੀਦਾਰਾਂ ਦਾ ਸੰਘਰਸ਼ ਜਾਰੀ ਹੈ। ਸੂਬਾਈ ਪ੍ਰਧਾਨ ਗੁਰਦੇਵ ਸਿੰਘ ਧੰਮ ਦੀ ਅਗਵਾਈ ਹੇਠਲੀ ‘ਪੰਜਾਬ ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ’ ਵੱਲੋਂ ਲਏ ਗਏ ਫੈਸਲੇ ਤਹਿਤ ਇਹ ਮਾਲ ਅਧਿਕਾਰੀ ਭਲਕੇ 8 ਜੂਨ ਨੂੰ ਵੀ ਇਸੇ ਤਰ੍ਹਾਂ ਸਮੂਹਿਕ ਛੁੱਟੀ ’ਤੇ ਰਹਿਣਗੇ, ਜਿਸ ਕਰਕੇ ਕੱਲ੍ਹ ਨੂੰ ਵੀ ਤਹਿਸੀਲਾਂ ਨਾਲ਼ ਸਬੰਧਤ ਕੋਈ ਕੰਮ ਨਹੀਂ ਹੋ ਸਕੇਗਾ। ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸੁਖਚਰਨ ਸਿੰਘ ਚੰਨੀ ਅਤੇ ਸਰਬਜੀਤ ਸਿੰਘ ਧਾਲੀਵਾਲ ਸਮੇਤ ਕਈ ਹੋਰਨਾਂ ਨੇ ਵੀ ਸਮੂਹਿਕ ਛੁੱਟੀ ਜਾਰੀ ਰਹਿਣ ਦੀ ਪੁਸ਼ਟੀ ਕੀਤੀ ਹੈ।