ਸੁਰਜੀਤ ਮਜਾਰੀ
ਬੰਗਾ, 11 ਮਾਰਚ
ਪੰਜਾਬ ਵਿਧਾਨ ਸਭਾ ਦੇ ਸੂਬਾਈ ਨਤੀਜਿਆਂ ਵਿੱਚ ਮਹਿਲਾ ਉਮੀਦਵਾਰਾਂ ਨੇ ਵੀ ਵੱਡੇ ਅੰਤਰ ਨਾਲ ਜਿੱਤਾਂ ਪ੍ਰਾਪਤ ਕਰਕੇ ਮਹਿਲਾ ਸ਼ਕਤੀਕਰਨ ਦਾ ਪ੍ਰਮਾਣ ਦਿੱਤਾ ਹੈ। ਵੱਡੀ ਗੱਲ ਇਹ ਰਹੀ ਕਿ ਵਿਧਾਇਕ ਬਣੀਆਂ 13 ਮਹਿਲਾਵਾਂ ਨੇ ਇਹ ਜਿੱਤ ਪੁਰਸ਼ ਉਮੀਦਵਾਰਾਂ ਨੂੰ ਪਛਾੜ ਕੇ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ (ਪੂਰਬੀ) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨਜੋਤ ਕੌਰ ਦਾ ਦੋ ਦਿੱਗਜ ਆਗੂਆਂ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਨੂੰ ਹਰਾਉਣਾ ਸ਼ਾਮਲ ਹੈ। ਇਵੇਂ ਹੀ ਸੰਗਰੂਰ ਤੋਂ ‘ਆਪ’ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਸਾਬਕਾ ਵਜ਼ੀਰ ਵਿਜੈਇੰਦਰ ਸਿੰਗਲਾ ਨੂੰ ਮਾਤ ਦਿੱਤੀ ਹੈ। ਪੰਜਾਬ ਵਿੱਚੋਂ ਬਾਕੀ ਹਲਕਿਆਂ ਦੇ ਮੁਕਾਬਲੇ ਰਾਖਵਾਂ ਹਲਕਾ ਮਲੋਟ ਤੋਂ ਡਾ. ਬਲਜੀਤ ਕੌਰ ‘ਆਪ’ ਵੱਲੋਂ 40261 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਦਾ ਰਿਕਾਰਡ ਬਣਾਇਆ ਗਿਆ ਹੈ। ‘ਆਪ’ ਦੀ ਟਿਕਟ ਤੋਂ ਜਿੱਤ ਹਾਸਲ ਕਰਨ ਵਾਲੀਆਂ ਮਹਿਲਾਵਾਂ ਵਿੱਚ ਖਰੜ ਤੋਂ ਅਨਮੋਲ ਗਗਨ ਮਾਨ, ਜਗਰਾਉਂ ਤੋਂ ਸਰਬਜੀਤ ਕੌਰ ਮਾਣੂੰਕੇ, ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ, ਨਕੋਦਰ ਤੋਂ ਇੰਦਰਜੀਤ ਕੌਰ, ਲੁਧਿਆਣਾ ਦੱਖਣੀ ਤੋਂ ਰਾਜਿੰਦਰ ਕੌਰ ਛੀਨਾ, ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ, ਰਾਜਪੁਰਾ ਤੋਂ ਨੀਨਾ ਮਿੱਤਲ, ਬਲਾਚੌਰ ਤੋਂ ਸੰਤੋਸ਼ ਕਟਾਰੀਆ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਰਾਖਵਾਂ ਹਲਕਾ ਦੀਨਾ ਨਗਰ ਤੋਂ ਕਾਂਗਰਸ ਦੇ ਸਾਬਕਾ ਵਜ਼ੀਰ ਅਰੁਣਾ ਚੌਧਰੀ ਮੁੜ ਅਤੇ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗਨੀਵ ਕੌਰ ਮਜੀਠਾ ਪਹਿਲੀ ਵਾਰ ਚੋਣ ਜਿੱਤੇ ਹਨ। ਦੂਜੇ ਪਾਸੇ ਪੰਜਾਬ ਵਿੱਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਹਲਕਾ ਲਹਿਰਗਾਗਾ ਤੋਂ ਤੀਜਾ ਸਥਾਨ ਹੀ ਹਾਸਲ ਕਰ ਸਕੇ, ਜਦਕਿ ਅਕਾਲੀ ਦਲ ਦੀਆਂ ਸਰਕਾਰਾਂ ’ਚ ਕਈ ਵਾਰ ਵਜ਼ੀਰ ਰਹੇ ਬੀਬੀ ਜਗੀਰ ਕੌਰ ਵੀ ਹਲਕਾ ਭੁਲੱਥ ਤੋਂ ਵੱਡੇ ਫ਼ਰਕ ਨਾਲ ਹਾਰ ਗਏ।
ਜੇਤੂ ਮਹਿਲਾ ਵਿਧਾਇਕਾਂ ਦੇ ਸਨਮਾਨ ਲਈ ਸਮਾਜਿਕ ਸਾਂਝ ਸੰਸਥਾ ਬੰਗਾ ਖਟਕੜ ਕਲਾਂ ਵਿੱਚ ਸਮਾਗਮ ਕਰਵਾਏਗੀ। ਸੰਸਥਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ ਨੇ ਦੱਸਿਆ ਕਿ ਜੇਤੂ ਮਹਿਲਾ ਉਮੀਦਵਾਰ ਨੂੰ ‘ਸਮਾਜ ਦਾ ਮਾਣ’ ਪੁਰਸਕਾਰ ਦੇ ਕੇ ਸਨਮਾਨਿਆ ਜਾਵੇਗਾ।