ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਮਾਰਚ
ਇਤਿਹਾਸਕ ਤੇ ਗਦਰੀ ਬਾਬਿਆਂ ਦੀ ਧਰਤੀ ਢੁੱਡੀਕੇ ਵਿੱਚ ਬੀਕੇਯੂ ਕ੍ਰਾਂਤੀਕਾਰੀ ਔਰਤ ਵਿੰਗ ਵੱਲੋਂ ਔਰਤ ਦਿਵਸ ਨੂੰ ਸਮਰਪਿਤ ਕਾਨਫਰੰਸ ਕਰਵਾਈ ਗਈ। ਇਸ ਮੌਕੇ ਕੇਂਦਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਵਿੱਚ ਭਰਵਾਂ ਯੋਗਦਾਨ ਪਾਉਣ ਦਾ ਅਹਿਦ ਲਿਆ ਗਿਆ। ਇਸ ਮੌਕੇ ਝੰਡਾ ਨੀਵਾਂ ਕਰਕੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੌਦੀਪ ਕੌਰ ਨੇ ਕਿਹਾ ਕਿ ਔਰਤਾਂ ਹਰ ਖੇਤਰ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਪਰ ਹਾਲੇ ਵੀ ਆਰਥਿਕ ਸਮਾਜਿਕ ਤੇ ਸਿਆਸੀ ਖੇਤਰ ਵਿੱਚ ਔਰਤਾਂ ਨਾਲ ਵਿਤਕਰਾ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਵਿਤਕਰੇ ਖ਼ਿਲਾਫ਼ ਆਵਾਜ਼ ਉਠਾ ਕੇ ਹੀ ਨਵਾਂ ਇਤਿਹਾਸ ਸਿਰਜਿਆ ਜਾ ਸਕਦਾ ਹੈ। ਨੌਦੀਪ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਔਰਤਾਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਔਰਤਾਂ ਨੇ ਲਗਾਤਾਰ ਇਸ ਸੰਘਰਸ਼ ਵਿੱਚ ਭਾਗੀਦਾਰ ਬਣ ਰਹੀਆਂ ਹਨ, ਜਿਸ ਦਾ ਸਰਕਾਰ ’ਤੇ ਵੱਡਾ ਦਬਾਅ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਖੇਤੀ ਕਾਨੂੰਨਾਂ ਰੱਦ ਨਹੀਂ ਹੁੰਦੇ, ਉਦੋਂ ਤਕ ਪੰਜਾਬ ਦੀਆਂ ਔਰਤਾਂ ਇਸ ਸੰਘਰਸ਼ ਦਾ ਹਿੱਸਾ ਬਣਦੀਆਂ ਰਹਿਣਗੀਆਂ। ਨੌਦੀਪ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਇਸ ਅੰਦੋਲਨ ਨੂੰ ਅਤਿਵਾਦੀ, ਵੱਖਵਾਦੀ ਤੇ ਖਾਲਿਸਤਾਨ ਦਾ ਨਾਂ ਦੇ ਕੇ ਬਦਨਾਮ ਕਰਨਾ ਚਾਹੁੰਦੀ ਸੀ, ਜੋ ਕਿ ਨਹੀਂ ਹੋ ਸਕਿਆ। ਹੁਣ ਮੌਜੂਦਾ ਕਿਸਾਨੀ ਸੰਘਰਸ਼ ਦੁਨੀਆਂ ਭਰ ਵਿੱਚ ਫੈਲ ਗਿਆ ਹੈ ਅਤੇ ਇਸ ਕਿਸਾਨ ਲਹਿਰ ਨੇ ਪਹਿਲੀ ਵਾਰ ਹਰ ਵਰਗ ਹਮਾਇਤ ਵਿੱਚ ਉੱਤਰ ਆਇਆ ਹੈ। ਇਸ ਮੌਕੇ ਦਿੱਲੀ ਮੋਰਚੇ ਦੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਬਿਡਬਿਾ ਨੇ ਕਿਹਾ ਕਿ ਸਾਰੇ ਹੀ ਦਿਨ ਔਰਤਾਂ ਦੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਫਾਸ਼ੀਵਾਦੀ ਢੰਗ ਨਾਲ ‘ਠੇਕਾ ਖੇਤੀ’ ਲਾਗੂ ਕਰਨ ਕਰ ਕੇ ਖੇਤੀ ਅਰਥਚਾਰੇ ਦੀਆਂ ਚਾਬੀਆਂ ਅਡਾਨੀਆਂ-ਅੰਬਾਨੀਆਂ ਵਰਗੀਆਂ ਵਿਦੇਸ਼ੀ ਬਹੁਕੌਮੀ ਕੰਪਨੀਆਂ ਨੂੰ ਸਾਂਭਣ ਲਈ ਤਿੰਨ ਖੇਤੀ ਕਾਨੂੰਨ ਬਣਾ ਦਿੱਤੇ ਹਨ। ਉਨ੍ਹਾਂ ਨਵਰੀਤ ਦੀ ਸ਼ਹਾਦਤ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਜਿੱਤ ਨਾਲ ਹੀ ਨਵਰੀਤ ਨੂੰ ਇਨਸਾਫ਼ ਮਿਲੇਗਾ।
ਕੰਨੂ ਪ੍ਰਿਆ ਨੇ ਕਿਹਾ ਕਿ ਮੋਦੀ ਹਕੂਮਤ ਦੇ ਜੀਐੱਸਟੀ, ਨੋਟਬੰਦੀ ਆਦਿ ਦੇ ਤੁਗਲਕੀ ਫ਼ੈਸਲਿਆਂ ਨੇ ਦੇਸ਼ ਨੂੰ ਗੰਭੀਰ ਆਰਥਿਕ ਸੰਕਟ ਵਿੱਚ ਧੱਕ ਦਿੱਤਾ ਹੈ।
ਡੈਮੋਕ੍ਰੈਟਿਕ ਸਟੂਡੈਂਟ ਯੂਨੀਅਨ ਆਗੂ ਮਨਦੀਪ ਕੌਰ ਪਟਿਆਲਾ ਨੇ ਕਿਹਾ ਕਿ ਵਿਆਪਕ ਬਣ ਰਹੀ ਇਸ ਕਿਸਾਨ ਲਹਿਰ ਨੂੰ ਵੋਟ ਵੱਟਤ ਲਈ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਵੀ ਦਿਖਾਵੇ ਲਈ ਕਿਸਾਨਾਂ ਦੀ ਹਮਾਇਤ ਵਿੱਚ ਆਉਣਾ ਪੈ ਰਿਹਾ ਹੈ। ਲੋਕ ਸੰਗਰਾਮ ਮੋਰਚਾ ਦੀ ਆਗੂ ਸੁਖਵਿੰਦਰ ਕੌਰ ਨੇ ਕਿਹਾ ਕਿ ਔਰਤਾਂ ਦੀ ਭਾਗੀਦਾਰੀ ਨੇ ਇਸ ਸੰਘਰਸ਼ ਹੋਰ ਵਿਆਪਕ ਬਣਾ ਦਿੱਤਾ ਹੈ। ਬੁਲਾਰਿਆਂ ਨੇ ਦਿੱਲੀ ਵਿੱਚ ਹੋਣ ਵਾਲੀ ਔਰਤ ਮਹਾਰੈਲੀ ’ਚ ਵਧ ਚੜ੍ਹ ਕੇ ਸ਼ਿਰਕਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਅਰਪਣ ਬੇਖੌਫ਼ ਆਜ਼ਾਦੀ, ਜਗਜੀਤ ਕੌਰ ਨਿੱਕੀ, ਹਰਪ੍ਰੀਤ ਜ਼ੀਰਾ, ਸੁਰਿੰਦਰ ਕੌਰ ਢੁੱਡੀਕੇ ਤੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਲੋਕ ਪੱਖੀ ਸੰਗਰਾਮ ਜਾਰੀ ਰੱਖਾਂਗੀ: ਨੌਦੀਪ ਕੌਰ
ਭੁੱਚੋ ਮੰਡੀ (ਪਵਨ ਗੋਇਲ): ਲੋਕ ਹਿੱਤਾਂ ਲਈ ਜੂਝ ਰਹੀ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ ਦਾ ਅੱਜ ਇੱਥੇ ਮਿਉਂਸਿਪਲ ਪਾਰਕ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਸਨਮਾਨ ਕੀਤਾ ਅਤੇ ਸੰਘਰਸ਼ਾਂ ਵਿੱਚ ਭਰਵੀਂ ਹਮਾਇਤ ਦਾ ਭਰੋਸਾ ਦੇ ਕੇ ਉਤਸ਼ਾਹਿਤ ਕੀਤਾ। ਨੌਦੀਪ ਕੌਰ ਨੇ ਆਖਿਆ ਕਿ ਉਹ ਲੋਕ ਹਿੱਤਾਂ ਲਈ ਸੰਗਰਾਮ ਜਾਰੀ ਰੱਖੇਗੀ ਤੇ ਉਸ ਨੂੰ ਆਪਣੀ ਪੜ੍ਹਾਈ ਅੱਧ ਵਿਚਕਾਰ ਰਹਿ ਜਾਣ ਅਤੇ ਜੇਲ੍ਹਾਂ, ਠਾਣਿਆਂ ਦੀ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਉਸ ਨੂੰ ਲੋਕ ਹਿੱਤਾਂ ਲਈ ਲੜਣ ਦੀ ਗੁੜਤੀ ਮਿਲੀ ਹੈ। ਨੌਦੀਪ ਨੇ ਕਿਹਾ ਕਿ ਜੇਲ੍ਹਾਂ ਵਿੱਚ ਸੜ ਰਹੇ ਹੋਰ ਬੇਦੋਸ਼ਿਆਂ ਨੂੰ ਛੁਡਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।