ਦਵਿੰਦਰ ਪਾਲ
ਚੰਡੀਗੜ੍ਹ, 18 ਜਨਵਰੀ
ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਦੌਰਾਨ ਅੱਜ ‘ਮਹਿਲਾ ਕਿਸਾਨ ਦਿਵਸ’ ਮੌਕੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਬੀਕੇਯੂ (ਏਕਤਾ-ਉਗਰਾਹਾਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਨੇ ਭਾਜਪਾ ਦੇ ਦੋ ਆਗੂਆਂ ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਦੇ ਘਰਾਂ ਅੱਗੇ ਵੱਡੇ ਰੋਸ ਮੁਜ਼ਾਹਰੇ ਕੀਤੇ। ਸੂਬੇ ਵਿੱਚ ਸਵਾ ਸੌ ਤੋਂ ਵੱਧ ਥਾਵਾਂ ’ਤੇ ਕਿਸਾਨਾਂ ਦੇ ਧਰਨੇ ਪਹਿਲਾਂ ਵਾਂਗ ਜਾਰੀ ਹਨ। ਧਰਨਿਆਂ ਵਿਚ ਔਰਤਾਂ ਦਾ ਬੋਲਬਾਲਾ ਰਿਹਾ। ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਿੱਲੀ ’ਚ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਪਿੰਡਾਂ ’ਤੇ ਸ਼ਹਿਰਾਂ ਵਿੱਚ ਟਰੈਕਟਰ ਮਾਰਚ ਕੱਢੇ ਗਏ। ਭਾਜਪਾ ਦੇ ਪੰਜਾਬ ਨਾਲ ਸਬੰਧਤ ਦੋ ਸੀਨੀਅਰ ਆਗੂਆਂ- ਹਰਜੀਤ ਸਿੰਘ ਗਰੇਵਾਲ ਜੋ ਕਿ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਰਹਿਣ ਵਾਲੇ ਹਨ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਜੋ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਟਹਿੜਾ ਦੇ ਰਹਿਣ ਵਾਲੇ ਹਨ, ਵੱਲੋਂ ਕੀਤੀ ਬਿਆਨਬਾਜ਼ੀ ਨੂੰ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਢਾਹ ਲਾਉਣ ਵਾਲੀ ਕਰਾਰ ਦਿੱਤਾ ਸੀ। ਗਰੇਵਾਲ ਤੇ ਜਿਆਣੀ ਦੇ ਘਰਾਂ ਨੇੜੇ ਦਿੱਤੇ ਧਰਨਿਆਂ ’ਚ ਮਾਲਵਾ ਖੇਤਰ ਦੇ ਅੱਧੀ ਦਰਜਨ ਜ਼ਿਲ੍ਹਿਆਂ ਨਾਲ ਸਬੰਧਤ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਸੱਦਾ ਦਿੱਤਾ ਕਿ ਭਾਜਪਾ ਆਗੂਆਂ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਘੋਲ ’ਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਹਜ਼ਾਰਾਂ ਔਰਤਾਂ ਵੱਲੋਂ ਜਥੇਬੰਦੀ ਦੀ ਅਗਵਾਈ ’ਚ ਭਾਜਪਾ ਆਗੂ ਗਰੇਵਾਲ ਤੇ ਜਿਆਣੀ ਦੇ ਪਿੰਡਾਂ ਧਨੌਲਾ ਤੇ ਕਟਹਿੜਾ ਵਿਖੇ ਰੋਹ ਭਰਪੂਰ ਰੈਲੀਆਂ ਕਰਕੇ ਮੋਦੀ ਹਕੂਮਤ ਨੂੰ ਵੰਗਾਰਿਆ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਰੋਸ ਰੈਲੀਆਂ ਮੋਦੀ ਸਰਕਾਰ ਦੀ ਦੇਸੀ-ਵਿਦੇਸ਼ੀ ਕਾਰਪੋਰੇਟਾਂ ਤੇ ਸਾਮਰਾਜੀਆਂ ਨਾਲ ਗੱਠਜੋੜ ਖ਼ਿਲਾਫ਼ ਔਰਤ ਸ਼ਕਤੀ ਦੇ ਖੌਲਦੇ ਰੋਹ ਦਾ ਪ੍ਰਗਟਾਵਾ ਹੋ ਨਿੱਬੜੀਆਂ। ਇਸ ਮੌਕੇ ਘੋਲ ’ਚ ਜਾਨਾਂ ਵਾਰਨ ਵਾਲੇ 75 ਤੋਂ ਵੱਧ ਕਿਸਾਨ-ਮਜ਼ਦੂਰਾਂ ਤੇ ਔਰਤ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਜਥੇਬੰਦੀਆਂ ਵੱਲੋਂ ਕੀਤੀਆਂ ਗਈਆਂ ਰੈਲੀਆਂ ਨੂੰ ਮਹਿਲਾ ਕਿਸਾਨ ਆਗੂ ਬਲਜੀਤ ਕੌਰ ਭੱਠਲ, ਗੁਰਪ੍ਰੀਤ ਕੌਰ ਬਰਾਸ, ਹਰਪ੍ਰੀਤ ਕੌਰ ਜੇਠੂਕੇ, ਕੁਲਦੀਪ ਕੌਰ ਕੁੱਸਾ, ਮਹਿਲਾ ਖੇਤ ਮਜ਼ਦੂਰ ਆਗੂ ਕ੍ਰਿਸ਼ਨਾ ਦੇਵੀ ਤੇ ਗੁਰਮੇਲ ਕੌਰ ਤੋਂ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਪਿੰਡ-ਪਿੰਡ ਔਰਤਾਂ ਦੀਆਂ ਜਥੇਬੰਦਕ ਕਮੇਟੀਆਂ ਬਣਾਉਣ ਦਾ ਐਲਾਨ ਵੀ ਕੀਤਾ।
‘ਕੌਮਾਂਤਰੀ ਮੁਦਰਾ ਫੰਡ’ ਤੇ ‘ਸੰਸਾਰ ਵਪਾਰ ਸੰਸਥਾ’ ਦੇ ਅੱਜ ਫੂਕੇ ਜਾਣਗੇ ਪੁਤਲੇ
‘ਕੌਮਾਂਤਰੀ ਮੁਦਰਾ ਫੰਡ’ ਵੱਲੋਂ ਖੇਤੀ ਕਾਨੂੰਨਾਂ ਦੇ ਪੱਖ ’ਚ ਦਾਗੇ ਗਏ ਬਿਆਨ ਦੇ ਸੰਦਰਭ ਵਿਚ ਆਗੂਆਂ ਨੇ ਕਿਹਾ ਕਿ 19 ਜਨਵਰੀ ਨੂੰ ਦਿੱਲੀ ਸਮੇਤ ਪੰਜਾਬ ਭਰ ਵਿੱਚ ‘ਕੌਮਾਂਤਰੀ ਮੁਦਰਾ ਫੰਡ’ ਤੇ ‘ਸੰਸਾਰ ਵਪਾਰ ਸੰਸਥਾ’ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਸੰਘਰਸ਼ ਨੂੰ ਜਾਰੀ ਰੱਖ ਕੇ ਸਿਖ਼ਰਾਂ ਵੱਲ ਲਿਜਾਇਆ ਜਾਵੇਗਾ। ਇਸੇ ਦਿਸ਼ਾ ’ਚ 26 ਜਨਵਰੀ ਮੌਕੇ ਦਿੱਲੀ ’ਚ ਕੀਤੀ ਜਾ ਰਹੀ ਕਿਸਾਨ ਪਰੇਡ ਦੀ ਤਿਆਰੀ ਲਈ 20-21 ਜਨਵਰੀ ਨੂੰ ਪਿੰਡ-ਪਿੰਡ ਟਰੈਕਟਰ ਮਾਰਚ ਕੀਤੇ ਜਾਣਗੇ। ਅੱਜ ਦੇ ਸੰਘਰਸ਼ ਵਿਚ ਕਿਸਾਨ ਘੋਲ ਦੇ ਸਹਿਯੋਗੀ ਤਬਕਿਆਂ ਖੇਤ ਮਜ਼ਦੂਰਾਂ, ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।