ਆਤਿਸ਼ ਗੁਪਤਾ
ਚੰਡੀਗੜ੍ਹ, 8 ਮਾਰਚ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਘੋਲ ਵਿੱਚ ਕੌਮਾਂਤਰੀ ਔਰਤ ਦਿਵਸ ਨੂੰ ‘ਔਰਤ ਕਿਸਾਨ ਦਿਵਸ’ ਵਜੋਂ ਮਨਾਇਆ ਗਿਆ। ਪੰਜਾਬ ਅਤੇ ਹਰਿਆਣਾ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਅੱਜ ਕਿਸਾਨੀ ਧਰਨਿਆਂ ਦੀ ਅਗਵਾਈ ਕਰਦਿਆਂ ਖੇਤੀ ਕਾਨੂੰਨ ਰੱਦ ਹੋਣ ਤਕ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਰੋਸ ਪ੍ਰਦਰਸ਼ਨ ਅਤੇ ਪੱਕੇ ਮੋਰਚੇ ਅੱਜ ਵੀ ਟੌਲ ਪਲਾਜ਼ਿਆਂ, ਰੇਲਵੇ ਪਾਰਕਾਂ, ਰਿਲਾਇੰਸ ਪੰਪਾਂ, ਕਾਰਪੋਰੇਟ ਘਰਾਣਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਜਾਰੀ ਰਹੇ। ਧਰਨਿਆਂ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਦਿੱਤੀ ਕਿ ਦਿੱਲੀ ਵਿੱਚ ਜਾਰੀ ਕਿਸਾਨ ਅੰਦੋਲਨ ਦੌਰਾਨ ਔਰਤਾਂ-ਪੁਰਸ਼ਾਂ ਦੇ ਬਰਬਾਰ ਸਹਿਯੋਗ ਦੇਣਗੀਆਂ। ਕਿਸਾਨ ਯੂਨੀਅਨਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਦਿੱਤੇ ਗਏ ਧਰਨਿਆਂ ਨੂੰ ਜਸਪ੍ਰੀਤ ਕੌਰ ਮੋਗਾ, ਪਰਮਜੀਤ ਕੌਰ ਲੰਡੇਕੇ, ਬਲਜੀਤ ਕੌਰ ਸ਼ੇਖਾਕਲਾਂ, ਰਮਨ ਕੌਰ ਗਿੱਲ, ਜਸਪਾਲ ਕੌਰ ਰਾਮਪੁਰਾ, ਕਰਮਜੀਤ ਕੌਰ ਬਠਿੰਡਾ, ਕਮਲਜੀਤ ਕੌਰ ਬਰਨਾਲਾ, ਕਰਮਜੀਤ ਕੌਰ ਕੱਟੂ, ਕਰਮਜੀਤ ਕੌਰ ਭੁਟਾਲ ਅਤੇ ਆਸ਼ਾ ਰਾਣੀ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਆਰਥਿਕ ਵਿਤਕਰਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਔਰਤਾਂ ਕਿਸੇ ਵੀ ਕੰਮ ਵਿੱਚ ਪੁਰਸ਼ਾਂ ਨਾਲੋਂ ਪਿੱਛੇ ਨਹੀਂ ਹਨ। ਇਸੇ ਤਹਿਤ ਉਹ ਘਰ ਦੇ ਕੰਮ ਦੇ ਨਾਲ-ਨਾਲ ਕਿਸਾਨੀ ਸੰਘਰਸ਼ ਵਿੱਚ ਬਰਾਬਰ ਹਿੱਸਾ ਪਾਉਣਗੀਆਂ।
ਇਸੇ ਤਰ੍ਹਾਂ ਅੱਜ ਹਰਿਆਣਾ ਵਿੱਚ ਵੀ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੀ ਅਗਵਾਈ ਔਰਤਾਂ ਨੇ ਕੀਤੀ। ਮਹਿਲਾ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜ਼ਬਰੀ ਕਿਸਾਨਾਂ ’ਤੇ ਖੇਤੀ ਵਿਰੋਧੀ ਕਾਨੂੰਨ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ, ਜਦ ਕਿ ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਇਕ ਪਾਸੇ ਕੌਮਾਂਤਰੀ ਔਰਤ ਦਿਵਸ ’ਤੇ ਔਰਤਾਂ ਲਈ ਵੱਡੇ-ਵੱਡੇ ਦਾਅਵੇ ਕਰਦੀ ਹੈ ਉੱਥੇ ਹੀ ਨੌਦੀਪ ਕੌਰ ਵਰਗੀਆਂ ਲੜਕੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।
ਔਰਤਾਂ ਨੇ ਸੰਭਾਲੀ ਧਰਨੇ ਦੀ ਸਮੁੱਚੀ ਕਮਾਨ
ਬਰਨਾਲਾ (ਰਵਿੰਦਰ ਰਵੀ): ਬਰਨਾਲਾ ਰੇਲਵੇ ਸਟੇਸ਼ਨ ’ਤੇ ਲੱਗੇ ਕਿਸਾਨ ਧਰਨੇ ਦਾ 159ਵਾਂ ਦਿਨ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਦੇ ਨਾਮ ਰਿਹਾ। ਧਰਨੇ ਦਾ ਸਮੁੱਚਾ ਸੰਚਾਲਨ ਔਰਤਾਂ ਦੇ ਹੱਥ ਰਿਹਾ। ਸਟੇਜ ਦੀ ਜ਼ਿੰਮੇਵਾਰੀ ਪ੍ਰੇਮਪਾਲ ਕੌਰ ਨੇ ਸੰਭਾਲੀ। ਅੱਜ ਦੇ ਧਰਨੇ ਨੂੰ ਅਮਰਜੀਤ ਕੌਰ, ਐੱਲਬੀਐੱਸ ਕਾਲਜ ਤੋਂ ਅਰਚਨਾ, ਮਨਜੀਤ ਕੌਰ ਰਾਣੀ, ਮਨਵੀਰ ਕੌਰ ਰਾਹੀ, ਗਮਦੂਰ ਕੌਰ, ਪਰਮਜੀਤ ਕੌਰ ਜੋਧਪੁਰ ਤੇ ਮਹਿਕਦੀਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਕੁੜੀਆਂ ਨੂੰ ਗੁਲਾਮੀ ਸਹਿਣ ਦੀ ਆਦਤ ਪਾਈ ਜਾਂਦੀ ਹੈ, ਉਨ੍ਹਾਂ ਨਾਲ ਪੈਰ-ਪੈਰ ’ਤੇ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਅਬਲਾ ਤੇ ਕਮਜ਼ੋਰ ਸਮਝਿਆ ਜਾਂਦਾ ਹੈ, ਜਦੋਂ ਕਿ ਉਸ ਨੇ ਆਪਣੇ-ਆਪ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਿਹਤਰੀਨ ਸਿੱਧ ਕੀਤਾ ਹੈ। ਪੁਲਾੜ ਯਾਤਰਾ, ਮੈਡੀਕਲ, ਖੇਡਾਂ, ਸਿਵਲ ਪ੍ਰਸ਼ਾਸਨ, ਸਿਆਸੀ ਅਗਵਾਈ ਆਦਿ ਹਰ ਖੇਤਰ ਵਿੱਚ ਸਫ਼ਲ ਔਰਤਾਂ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭਾਗੀਦਾਰੀ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਹ ਧਰਨਿਆਂ ਵਿੱਚ ਮਰਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਣੀਆਂ ਫ਼ਸਲਾਂ ਤੇ ਨਸਲਾਂ ਦੀ ਰਾਖੀ ਲਈ ਲੜ ਰਹੀਆਂ ਹਨ। ਇਸ ਮੌਜੂਦਾ ਅੰਦੋਲਨ ਦੌਰਾਨ ਔਰਤਾਂ ਦੇ ਬੋਲਾਂ ਨੇ ਸਰਕਾਰਾਂ ਨੂੰ ਵਖਤ ਪਾਇਆ ਹੋਇਆ ਹੈ ਫਿਰ ਚਾਹੇ ਉਹ ਔਰਤ ਰਿਆਨਾ ਹੋਵੇ, ਗਰੇਟਾ, ਰਵੀ ਦਿਸ਼ਾ, ਮੀਆ ਖਲੀਫਾ, ਨੌਦੀਪ ਜਾਂ ਕੋਈ ਹੋਰ ਹੋਵੇ। ਇਸ ਮੌਕੇ ਐੱਲਬੀਐੱਸ ਕਾਲਜ ਦੀ ਵਿਦਿਆਰਥਨ ਲਕਸ਼ਮੀ ਨੇ ਸੁਰਜੀਤ ਪਾਤਰ ਦੀ ਕਵਿਤਾ ‘ਇਹ ਬਾਤ ਨਿਰੀ ਐਨੀ ਹੀ ਨਹੀਂ’ ਸੁਣਾ ਕੇ ਕਾਲੇ ਖੇਤੀ ਕਾਨੂੰਨਾਂ ਦੇ ਦੁਰ-ਪ੍ਰਭਾਵਾਂ ’ਤੇ ਝਾਤ ਪੁਆਈ। ਅਮਨ ਨੇ ਆਪਣੀ ਲਿਖੀ ਹੋਈ ਭਾਵਪੂਰਤ ਕਵਿਤਾ ਸੁਣਾਈ। ਇਸ ਮਗਰੋਂ ਸ਼ਹਿਰ ਰੋਹ ਭਰਪੂਰ ਮੁਜ਼ਾਹਰਾ ਕਰਕੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ।