ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਮਾਰਚ
ਕੌਮਾਂਤਰੀ ਮਹਿਲਾ ਦਿਵਸ ਮੌਕੇ ਟ੍ਰਿਬਿਊਨ ਦਫ਼ਤਰ ਸਮੂਹ ਵਿੱਚ ਅੱਜ ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ 75 ਯੂਨਿਟ ਖੂਨ ਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ‘ਦਿ ਟ੍ਰਿਬਿਊਨ ਟਰੱਸਟ’ ਦੇ ਟਰੱਸਟੀ ਜਸਟਿਸ (ਸੇਵਾਮੁਕਤ) ਐੱਸਐੱਸ. ਸੋਢੀ ਤੇ ਟਰੱਸਟੀ ਗੁਰਬਚਨ ਜਗਤ ਨੇ ਕੀਤਾ। ਜਸਟਿਸ ਸੋਢੀ ਨੇ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਖੂਨਦਾਨ ਕੈਂਪ ਲਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਜ ਸੇਵਾ ਦਾ ਵਿਲੱਖਣ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਹਰੇਕ ਖੇਤਰ ਵਿਚ ਮਾਅਰਕੇ ਮਾਰ ਰਹੀਆਂ ਹਨ ਅਤੇ ਔਰਤਾਂ ਵੱਲੋਂ ਸਮਾਜ ’ਚ ਨਿਭਾਈ ਜਾ ਰਹੀ ਭੂਮਿਕਾ ਨੂੰ ਸਨਮਾਨ ਦੇਣ ਲਈ ਖੂਨਦਾਨ ਕੈਂਪ ਚੰਗਾ ਉਪਰਾਲਾ ਹੈ। ਇਸ ਮੌਕੇ ‘ਦਿ ਟ੍ਰਿਬਿਊਨ ਟਰੱਸਟ’ ਦੇ ਜਨਰਲ ਮੈਨੇਜਰ ਵਿਨੈ ਵਰਮਾ, ‘ਦਿ ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਦੇ ਐਡੀਟਰ-ਇਨ-ਚੀਫ ਰਾਜੇਸ਼ ਰਾਮਾਚੰਦਰਨ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜ ਬੀਰ ਸਿੰਘ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਤੇ ਟ੍ਰਿਬਿਊਨ ਮਾਡਲ ਸਕੂਲ ਦੇ ਪ੍ਰਿੰਸੀਪਲ ਵੰਦਨਾ ਸਕਸੈਨਾ ਮੌਜੂਦ ਸਨ। ਇਹ ਕੈਂਪ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੀ ਡਾਕਟਰ ਰਵਨੀਤ ਕੌਰ ਦੀ ਅਗਵਾਈ ਹੇਠ ਲਾਇਆ ਗਿਆ। ਇਸ ਤੋਂ ਪਹਿਲਾਂ ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ ਨੇ ਕਿਹਾ ਕਿ ਚੰਗੀ ਸਿੱਖਿਆ ਤੇ ਜਾਗਰੂਕਤਾ ਨਾਲ ਮਹਿਲਾ ਸ਼ਕਤੀਕਰਨ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਅਦਾਰੇ ਦੇ ਕਈ ਮੁਲਾਜ਼ਮਾਂ ਨੇ ਖੂਨ ਦਾਨ ਕੀਤਾ ਜਿਨ੍ਹਾਂ ਵਿਚ ਅਨਿਲ ਗੁਪਤਾ ਨੇ 56ਵੀਂ ਵਾਰ, ਰਾਜੇਸ਼ ਕੁਮਾਰ ਸ਼ਰਮਾ ਨੇ 47ਵੀਂ, ਸੰਦੀਪ ਕੁਮਾਰ ਨੇ 38ਵੀਂ, ਰਾਜੇਸ਼ ਮਲਿਕ ਨੇ 37ਵੀਂ, ਵਿਪਿਨ ਜੋਸ਼ੀ ਨੇ 32ਵੀਂ, ਰੁਚਿਕਾ ਐਮ ਖੰਨਾ ਨੇ 31ਵੀਂ, ਅਜੈ ਕੁਮਾਰ ਗੁਪਤਾ ਨੇ 31ਵੀਂ ਵਾਰ ਖੂਨ ਦਾਨ ਕੀਤਾ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਸਿਪਰੇ, ਰਾਜਮੀਤ ਸਿੰਘ, ਸਤੀਸ਼ ਕੁਮਾਰ, ਸੁਰੇਸ਼ ਪਹੂਜਾ, ਰਾਜਿੰਦਰ ਜੇਠੀ ਤੇ ਕੇਸ਼ਵ ਸ਼ਰਮਾ ਨੇ 30ਵੀਂ ਵਾਰ ਖੂਨ ਦਾਨ ਕੀਤਾ।