ਰਾਮ ਸਰਨ ਸੂਦ
ਅਮਲੋਹ, 29 ਅਗਸਤ
ਅਮਲੋਹ ਦੇ ਵਾਰਡ ਨੰਬਰ 13 ਵਿਚ ਬੀਤੀ ਰਾਤ ਕਰੀਬ 8 ਵਜੇ 4 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਇੱਕ 54 ਸਾਲਾ ਔਰਤ ਭੋਲੀ ਗੋਇਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੇ ਪਤੀ ਧਰਮਵੀਰ ਗੋਇਲ, ਲੜਕੇ ਹਨੀ ਗੋਇਲ ਅਤੇ ਗੌਰਵ ਗੋਇਲ ਨੇ ਸਿਵਲ ਹਸਪਤਾਲ ਅਮਲੋਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 4 ਅਣਪਛਾਤੇ ਮੋਟਰਸਾਈਕਲ ਸਵਾਰ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਉਨ੍ਹਾਂ ਦੇ ਘਰ ਆਏ, ਜਿਨ੍ਹਾਂ ਵਿਚੋਂ 1 ਨੌਜਵਾਨ ਨੇ ਘਰ ਦੇ ਅੰਦਰ ਦਾਖ਼ਲ ਹੋ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਢਕੀ ਹੋਈ ਸੀ ਅਤੇ ਉਹ ਮੰਦਰ ਸਾਇਡ ਤੋਂ ਆਏ ਅਤੇ ਬਾਅਦ ਵਿਚ ਬੁੱਗਾਂ ਸਾਈਡ ਫਰਾਰ ਹੋ ਗਏ। ਮ੍ਰਿਤਕਾ ਦਾ ਪਤੀ ਬੁੱਗਾ ਚੌਂਕ ਅਮਲੋਹ ਵਿਚ ਚਾਹ ਦੀ ਦੁਕਾਨ ਕਰਦਾ ਹੈ ਅਤੇ ਘਟਨਾ ਸਮੇਂ ਉਹ ਦੁਕਾਨ ਉੱਪਰ ਸੀ ਜਦੋਂਕਿ ਬਾਕੀ ਪਰਿਵਾਰਕ ਮੈਂਬਰ ਚੁਬਾਰੇ ਵਿਚ ਸਨ ਅਤੇ ਛੋਟੇ ਲੜਕੇ ਹਨੀ ਗੋਇਲ ਨੇ ਦੌੜ ਕੇ ਆਪਣੀ ਮਾਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਹਮਲਾਵਰਾਂ ਨੇ ਉਸ ਦੇ ਉੱਪਰ ਵੀ ਹਮਲਾ ਕਰ ਦਿੱਤਾ ਅਤੇ ਜ਼ਖ਼ਮੀ ਕਰਕੇ ਫਰਾਰ ਹੋ ਗਏ। ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਕਮਿਊਨਿਟੀ ਹੈਲਥ ਸੈਂਟਰ ਅਮਲੋਹ ਭੇਜੀ ਗਈ ਹੈ। ਥਾਣਾ ਅਮਲੋਹ ਦੀ ਪੁਲੀਸ ਨੇ ਦੱਸਿਆ ਕਿ ਇਸ ਸਬੰਧ ਵਿਚ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਆਈ.ਪੀ.ਸੀ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।