ਪੱਤਰ ਪ੍ਰੇਰਕ
ਸਮਰਾਲਾ, 16 ਮਈ
ਪਿੰਡ ਲਲੌੜੀ ਕਲਾਂ ਦੇ ਇੱਕ ਵਿਅਕਤੀ ਨੇ ਝਗੜੇ ਦੌਰਾਨ ਆਪਣੀ ਪਤਨੀ ਦੀ ਇੰਨੀ ਕੁੱਟਮਾਰ ਕੀਤੀ ਕਿ ਔਰਤ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜਸਵੀਰ ਕੌਰ (45) ਵਜੋਂ ਹੋਈ ਹੈ, ਜਿਸ ਦਾ 24 ਸਾਲ ਪਹਿਲਾਂ ਪਿੰਡ ਲਲੌੜੀ ਕਲਾਂ ਦੇ ਜਗਤਾਰ ਸਿੰਘ ਨਾਲ ਵਿਆਹ ਹੋਇਆ ਸੀ। ਜਸਵੀਰ ਦੇ ਪਿਤਾ ਚਰਨ ਸਿੰਘ ਨੇ ਦੱਸਿਆ ਕਿ 13 ਮਈ ਨੂੰ ਉਸ ਦੀ ਧੀ ਤੇ ਜਵਾਈ ਵਿਚਾਲੇ ਹੋਈ ਲੜਾਈ ਦੌਰਾਨ ਜਗਤਾਰ ਨੇ ਜਸਵੀਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਦੋਂ ਲੋਕ ਇਕੱਠੇ ਹੋਏ ਤਾਂ ਜਗਤਾਰ ਸਿੰਘ ਅੱਧਮਰੀ ਹਾਲਤ ਵਿੱਚ ਪਈ ਜਸਵੀਰ ਨੂੰ ਛੱਡ ਕੇ ਭੱਜ ਗਿਆ। ਗੰਭੀਰ ਜ਼ਖ਼ਮੀ ਜਸਵੀਰ ਕੌਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਜਸਵੀਰ ਕੌਰ ਨੇ ਦਮ ਤੋੜ ਦਿੱਤਾ। ਸਮਰਾਲਾ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।