ਪੱਤਰ ਪ੍ਰੇਰਕ
ਅਬੋਹਰ, 23 ਜੂਨ
ਪਿੰਡ ਚੂਹੜੀਵਾਲਾ ਧੰਨਾ ਦੀ ਰਹਿਣ ਵਾਲੀ ਇੱਕ ਔਰਤ ਨੇ ਸਰਕਾਰੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ 108 ਐਂਬੂਲੈਂਸ ਵਿੱਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਈਐੱਮਟੀ ਦੀਪਕ ਕੁਮਾਰ ਅਤੇ ਡਰਾਈਵਰ ਗੁਰਜੀਤ ਸਿੰਘ ਨੇ ਇਹ ਜਣੇਪਾ ਐਂਬੂਲੈਂਸ ਵਿੱਚ ਕਰਵਾਇਆ। ਉਪਰੰਤ ਔਰਤ ਅਤੇ ਬੱਚੇ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਕਿਰਨਾ ਦੇਵੀ ਪਤਨੀ ਗੋਕਲ ਚੰਦ ਵਾਸੀ ਪਿੰਡ ਚੂਹੜੀਵਾਲਾ ਧੰਨਾ ਨੂੰ ਜਣੇਪਾ ਪੀੜਾਂ ਹੋਣ ਕਾਰਨ ਆਸ਼ਾ ਵਰਕਰ ਸੁਮਨ ਨੇ 108 ’ਤੇ ਐਂਬੂਲੈਂਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਐਂਬੂਲੈਂਸ ਆ ਗਈ। ਜਦੋਂ ਔਰਤ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਪੀੜਾ ਵਧ ਗਈ। ਇਸ ਦੌਰਾਨ ਐਂਬੂਲੈਂਸ ਦੇ ਅਮਲੇ ਨੇ ਉਸ ਨੂੰ ਸੰਭਾਲਿਆ ਅਤੇ ਕਿਰਨਾ ਦੇਵੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਪਰ ਇੱਕ ਬੱਚਾ ਜਨਮ ਤੋਂ ਪਹਿਲਾਂ ਹੀ ਦਮ ਤੋੜ ਚੁੱਕਿਆ ਸੀ ਜਦਕਿ ਇੱਕ ਬੱਚਾ ਸਿਹਤਮੰਦ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ੱਚਾ-ਬੱਚਾ ਇਸ ਵੇਲੇ ਠੀਕ-ਠਾਕ ਹਨ। ਐਂਬੂਲੈਂਸ ਦੇ ਅਮਲੇ ਨੇ ਦੱਸਿਆ ਕਿ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਜਣੇਪਾ ਐਂਬੂਲੈਂਸ ਵਿੱਚ ਹੀ ਕਰਾਉਣਾ ਪਿਆ ਤੇ ਇੱਕ ਬੱਚੇ ਦੀ ਮੌਤ ਗਰਭ ਵਿੱਚ ਹੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਦੂਜੇ ਬੱਚੇ ਦਾ ਇਸ ਵੇਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।