ਗਗਨਦੀਪ ਅਰੋੜਾ
ਲੁਧਿਆਣਾ, 8 ਜੁਲਾਈ
ਭਾਜਪਾ ਕੌਂਸਲਰ ਅਤੇ ਉਸ ਦੇ ਇੰਸਪੈਕਟਰ ਪੁੱਤਰ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਖਾਣ ਵਾਲੀ ਭਾਈ ਮੰਨਾ ਸਿੰਘ ਨਗਰ ਵਾਸੀ ਪੂਜਾ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਘਟਨਾ ਵੇਲੇ ਔਰਤ ਕੋਲੋਂ ਖ਼ੁਦਕੁਸ਼ੀ ਨੋਟ ਮਿਲਿਆ ਸੀ, ਜਿਸ ਵਿੱਚ ਉਸ ਨੇ ਪਿਓ-ਪੁੱਤਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਕੁਝ ਸਮਾਂ ਪਹਿਲਾਂ ਜਿੱਥੇ ਪੂਜਾ ਦੇ ਭਰਾ ਨਵਦੀਪ ਸੇਠੀ ਨੇ ਭਾਜਪਾ ਕੌਂਸਲਰ, ਉਸ ਦੇ ਲੜਕੇ ਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਉੱਥੇ ਹੀ ਹੁਣ ਪੂਜਾ ਦੀ ਮੌਤ ਤੋਂ ਬਾਅਦ ਕੁਝ ਵਿਅਕਤੀਆਂ ਨੇ ਮ੍ਰਿਤਕਾ ਦੇ ਭਰਾ ਨਵਦੀਪ ਖ਼ਿਲਾਫ਼ ਹੀ ਸ਼ਿਕਾਇਤ ਦੇ ਦਿੱਤੀ ਹੈ। ਉਨ੍ਹਾਂ ਨੇ ਉਸ ’ਤੇ ਜਾਇਦਾਦ ਦੇ ਲਾਲਚ ਵਿੱਚ ਕੌਂਸਲਰ ਖ਼ਿਲਾਫ਼ ਝੂਠੀ ਸ਼ਿਕਾਇਤ ਕਰਨ ਦੇ ਦੋਸ਼ ਲਾਏ ਹਲ।
ਦੱਸਣਯੋਗ ਹੈ ਕਿ ਪੂਜਾ ਦੇ ਭਰਾ ਨਵਦੀਪ ਸੇਠੀ ਨੇ ਕੁਝ ਸਮਾਂ ਪਹਿਲਾਂ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪਿਤਾ ਦੀ ਇਲਾਕੇ ’ਚ ਜ਼ਮੀਨ ਹੈ, ਜੋ 2013 ’ਚ ਮੁਲਜ਼ਮਾਂ ਨੇ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ਵੱਲੋਂ ਲਗਾਤਾਰ ਪੂਜਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਪੂਜਾ ਨੇ ਜ਼ਹਿਰ ਖਾ ਲਿਆ ਸੀ। ਹੁਣ ਇਲਾਕੇ ਦੇ ਰਹਿਣ ਵਾਲੇ ਤਰਲੋਚਨ ਸਿੰਘ ਨੇ ਦੋਸ਼ ਲਾਇਆ ਕਿ ਨਵਦੀਪ ਸਿੰਘ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤੇ ਪੂਜਾ ਨੂੰ ਵੀ ਉਸ ਨੇ ਇਸੇ ਕੰਮ ’ਚ ਲਾ ਰੱਖਿਆ ਸੀ। ਪ੍ਰਾਪਰਟੀ ਹਥਿਆਉਣ ਲਈ ਉਸ ਨੇ ਕੌਂਸਲਰ ਤੇ ਉਸ ਦੇ ਲੜਕੇ ਖ਼ਿਲਾਫ਼ ਕਥਿਤ ਝੂਠੀ ਸ਼ਿਕਾਇਤ ਦਿੱਤੀ ਸੀ। ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।