ਸੰਗਰੂਰ (ਗੁਰਦੀਪ ਸਿੰਘ ਲਾਲੀ): ਨੇੜਲੇ ਪਿੰਡ ਸਾਰੋਂ ਵਿੱਚ ਦੋ ਬੱਚੀਆਂ ਘਰ ’ਚ ਮ੍ਰਿਤਕ ਮਿਲੀਆਂ, ਜਦੋਂਕਿ ਉਨ੍ਹਾਂ ਦੀ ਮਾਂ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਮੁੱਢਲੀ ਜਾਂਚ ਦੌਰਾਨ ਪੁਲੀਸ ਨੂੰ ਸ਼ੱਕ ਹੈ ਕਿ ਔਰਤ ਨੇ ਦੋਵਾਂ ਧੀਆਂ ਨੂੰ ਮਾਰਨ ਮਗਰੋਂ ਖੁਦਕੁਸ਼ੀ ਕੀਤੀ ਹੈ। ਪੁਲੀਸ ਨੇ ਉਸ ਦੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤੇ 34 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਗਰੂਰ ਦੇ ਥਾਣਾ ਸਦਰ ਦੇ ਐੱਸਐੱਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲਣ ਮਗਰੋਂ ਪਿੰਡ ਸਾਰੋਂ ਦੇ ਇੱਕ ਮਕਾਨ ’ਚੋਂ ਦੋ ਬੱਚੀਆਂ ਅੰਸ਼ਨੂਰ ਕੌਰ (ਚਾਰ) ਅਤੇ ਵਿਰਾਸਤ ਕੌਰ (ਢਾਈ ਸਾਲ) ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਮਿਲੀਆਂ, ਜਦੋਂਕਿ ਉਨ੍ਹਾਂ ਦੀ ਮਾਂ ਬਲਜੀਤ ਕੌਰ (30) ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮੁੱਢਲੀ ਜਾਂਚ ਦੌਰਾਨ ਜਾਪ ਰਿਹਾ ਹੈ ਕਿ ਬਲਜੀਤ ਕੌਰ ਨੇ ਦੋਵੇਂ ਬੱਚੀਆਂ ਦਾ ਕਥਿਤ ਕਤਲ ਕਰਨ ਮਗਰੋਂ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਮੁਤਾਬਕ, ਇੱਕ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਲਿਖਿਆ ਹੈ ਕਿ ਉਨ੍ਹਾਂ ਦੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਦੂਜੇ ਪਾਸੇ ਲੜਕੀ ਦਾ ਪੇਕਾ ਪਰਿਵਾਰ ਖੁਦਕੁਸ਼ੀ ਨੋਟ ਨੂੰ ਜਾਅਲੀ ਦੱਸ ਰਿਹਾ ਹੈ। ਮ੍ਰਿਤਕਾ ਦੇ ਭਰਾ ਜਗਦੇਵ ਸਿੰਘ ਵਾਸੀ ਪਿੰਡ ਲੀਲ (ਜ਼ਿਲ੍ਹਾ ਲੁਧਿਆਣਾ) ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਵੱਲੋਂ ਲੜਕੀ ਦੀ ਚਾਹਤ ਲਈ ਬਲਜੀਤ ਕੌਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਾਰਨ ਉਸਨੇ ਅਜਿਹਾ ਕਦਮ ਚੁੱਕਿਆ। ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਖ਼ੁਦਕੁਸ਼ੀ ਨੋਟ ਨੂੰ ਅਸਲੀ ਦੱਸਿਆ ਜਾ ਰਿਹਾ ਹੈ। ਡੀਐੱਸਪੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਬਲਜੀਤ ਕੌਰ ਦੇ ਪਤੀ ਅਵਤਾਰ ਸਿੰਘ, ਸੱਸ ਬਲਵੰਤ ਕੌਰ ਅਤੇ ਸਹੁਰਾ ਮੁਕੰਦੀ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਅਤੇ ਖ਼ੁਦਕੁਸ਼ੀ ਨੋਟ ਦੀ ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।