ਰਾਜਨ ਮਾਨ
ਮਜੀਠਾ, 10 ਅਕਤੂਬਰ
ਇੱਥੇ ਅੰਮ੍ਰਿਤਸਰ-ਪਠਾਨਕੋਟ ਮਾਰਗ ’ਤੇ ਸਥਿਤ ਗੁਰਦੁਆਰਾ ਸੜਕ ਵਾਲਾ ਲੰਗਰ ਹਾਲ ਵਿੱਚ ਅੱਜ ਇਕ ਔਰਤ ਵੱਲੋਂ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਸਾਹਿਬ ਖਿੱਚ ਕੇ ਪੱਤਰੇ ਪਾੜਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਇੱਕ ਔਰਤ ਆਪਣੇ ਪਿਤਾ ਨਾਲ ਮੋਟਰਸਾਈਕਲ ’ਤੇ ਕੱਥੂਨੰਗਲ ਗੁਰਦੁਆਰਾ ਸੜਕ ਵਾਲਾ ਲੰਗਰ ਹਾਲ ਪੁੱਜੀ। ਉਸ ਦਾ ਪਿਤਾ ਮੋਟਰਸਾਈਕਲ ਦੀ ਹਵਾ ਚੈੱਕ ਕਰਵਾਉਣ ਲੱਗ ਗਿਆ ਤੇ ਔਰਤ ਨੇ ਗੁਰਦੁਆਰੇ ’ਚ ਵੜ ਕੇ ਗੁਰੂ ਗ੍ਰੰਥ ਸਾਹਿਬ ਉੱਪਰੋਂ ਰੁਮਾਲਾ ਸਾਹਿਬ ਖਿੱਚਿਆ ਤੇ ਪੱਤਰੇ ਪਾੜਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸੰਗਤ ਨੇ ਕਾਬੂ ਕਰ ਲਿਆ। ਉਕਤ ਔਰਤ ਮੌਕੇ ਤੋਂ ਫ਼ਰਾਰ ਹੋ ਗਈ। ਘਟਨਾ ਬਾਰੇ ਬਾਰੇ ਪਤਾ ਲੱਗਣ ’ਤੇ ਸਿਆਸੀ ਆਗੂ ਤੇ ਧਾਰਮਿਕ ਸੰਸਥਾਵਾਂ ਦੇ ਲੋਕ ਇਕੱਠੇ ਹੋ ਗਏ ਤੇ ਰੋਹ ਵਿੱਚ ਆਏ ਲੋਕਾਂ ਨੇ ਸੜਕੀ ਆਵਾਜਾਈ ਰੋਕ ਕੇ ਧਰਨਾ ਲਾ ਦਿੱਤਾ। ਇਸ ਮੌਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਹੋਰ ਆਗੂਆਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਪੁਲੀਸ ਨੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਜਸਮੀਨ ਕੌਰ ਵਾਸੀ ਪਿੰਡ ਧੰਦੋਈ ਗੁਰਦਾਸਪੁਰ ਵਜੋਂ ਹੋਈ ਹੈ। ਪੁਲੀਸ ਵੱਲੋਂ ਲੜਕੀ ਦੇ ਪਿਤਾ ਸੁਰਜੀਤ ਸਿੰਘ, ਸ਼੍ਰੋਮਣੀ ਕਮੇਟੀ ਮੁਲਾਜ਼ਮ ਗੁਰਪ੍ਰੀਤ ਸਿੰਘ ਵਾਸੀ ਫੱਤੂਭੀਲਾ, ਧੀਰ ਸਿੰਘ ਵਾਸੀ ਬੱਠੂਚੱਕ ਤੇ ਇਕ ਹੋਰ ਵਿਅਕਤੀ ਸੁਖਦੇਵ ਸਿੰਘ ਵਾਸੀ ਭੋਆ ਵਿਰੁੱਧ ਵੀ ਦੋਸ਼ੀ ਨੂੰ ਫਰਾਰ ਕਰਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।