ਰਾਮ ਗੋਪਾਲ ਰਾਏਕੋਟੀ
ਰਾਏਕੋਟ, 22 ਅਗਸਤ
ਪਿੰਡ ਸੀਲੋਆਣੀ ਦੀ ਇੱਕ ਔਰਤ ਨੇ ਨਿਹਾਲ ਸਿੰਘ ਵਾਲਾ ਦੀ ਪੁਲੀਸ ’ਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਰਾਏਕੋਟ ਵਿੱਚ ਜ਼ੇਰੇ ਇਲਾਜ ਸਤਵਿੰਦਰ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਪਿੰਡ ਸੀਲੋਆਣੀ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਪਿੰਡ ਨਿਹਾਲ ਸਿੰਘ ਵਾਲਾ ’ਚ ਨਣਾਨ ਨੂੰ ਸੰਧਾਰਾ ਦੇਣ ਗਏ ਸਨ, ਜਿੱਥੇ ਉਹ ਦੋ ਦਿਨ ਰਹੇ। ਇਸ ਦੌਰਾਨ ਰਿਸ਼ਤੇਦਾਰਾਂ ਨੇ ਉਸ ’ਤੇ ਘਰ ਵਿੱਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਵਾ ਦਿੱਤਾ। ਸਤਵਿੰਦਰ ਕੌਰ ਨੇ ਦੱਸਿਆ ਕਿ ਪੁਲੀਸ ਨੇ ਉਸ ਨੂੰ ਥਾਣੇ ’ਚ ਸੱਦ ਕੇ ਤਿੰਨ ਘੰਟਿਆਂ ਤੱਕ ਕਥਿਤ ਤੌਰ ’ਤੇ ਕੁੱਟਿਆ ਤੇ ਐੱਸਐੱਚਓ ਨੇ ਉਸ ਦੇ ਗੁਪਤ ਅੰਗਾਂ ’ਤੇ ਲੱਤਾਂ ਵੀ ਮਾਰੀਆਂ। ਉਸ ਦੀ ਹਾਲਤ ਵਿਗੜਨ ’ਤੇ ਪੁਲੀਸ ਨੇ ਉਸ ਨੂੰ ਘਰ ਤੋਰ ਦਿੱਤਾ ਤੇ ਰਿਸ਼ਤੇਦਾਰਾਂ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਥਾਣਾ ਇੰਚਾਰਜ ਨਿਰਮਲਜੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਸਿਰਫ ਚੋਰੀ ਦੀ ਘਟਨਾ ਸਬੰਧੀ ਪੁੱਛ-ਗਿੱਛ ਕੀਤੀ ਹੈ। ਡੀਐੱਸਪੀ ਪਰਸਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਸੀਪੀਐੱਮ ਆਗੂ ਫਕੀਰ ਚੰਦ ਤੇ ਮੁਖਤਿਆਰ ਸਿੰਘ ਜਲਾਲਦੀਵਾਲ ਨੇ ਸਤਵਿੰਦਰ ਕੌਰ ਨੂੰ ਇਨਸਾਫ ਨਾ ਮਿਲਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ।