ਅਜੈ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 17 ਜੂਨ
ਜੀਟੀ ਸੜਕ ਸਰਹਿੰਦ ਤੋਂ ਸਾਨੀਪੁਰ ਖੋਜੇਮਾਜਰਾ ਸੜਕ ’ਤੇ ਲੰਘਣ ਵਾਲੇ ਰਾਹਗੀਰ ਜਾਨ ਜੋਖ਼ਮ ਵਿੱਚ ਪਾ ਕੇ ਲੰਘਦੇ ਹਨ ਤੇ ਰਾਮਦਾਸ ਨਗਰ ਵਾਰਡ ਨੰਬਰ 8 ਦੇ ਨਿਵਾਸੀ ਪਿਛਲੇ 2 ਸਾਲਾਂ ਤੋਂ ਡੂੰਘੇ ਖੱਡਿਆਂ ਤੇ ਚਿੱਕੜ ਕਰਕੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਸ੍ਰੀ ਫ਼ਤਿਹਗੜ੍ਹ ਸਾਹਿਬ ਬਲਜੀਤ ਸਿੰਘ ਭੁੱਟਾ ਨੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪਟਿਆਲਾ ਭਾਦਸੋਂ ਨੂੰ ਜੋੜਨ ਵਾਲੀ ਸੜਕ ਦੇ ਇਕ ਕਿਲੋਮੀਟਰ ਦੇ ਟੁੱਕੜੇ ’ਤੇ ਪਏ ਹੋਏ ਡੂੰਘੇ ਖੱਡਿਆਂ ਕਾਰਨ ਲਗਪਗ ਰੋਜ਼ਾਨਾ ਹੀ ਦੋਪਹੀਆ ਵਾਹਨ ਸਵਾਰ ਡਿੱਗ ਕੇ ਸੱਟਾਂ ਖਾਂਦੇ ਹਨ। ਕਈ ਵਾਰ ਵਾਹਨਾਂ ਦੇ ਚਿੱਕੜ ਵਿੱਚ ਫਸਣ ਕਰਕੇ ਵੀ ਲੋਕਾਂ ਨੂੰ ਭਾਰੀ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਅੱਜ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਟੁੱਟੀ ਹੋਈ ਸੜਕ ’ਤੇ ਖੜ੍ਹੇ ਪਾਣੀ ਕਾਰਨ ਬਣੇ ਚਿੱਕੜ ਵਿੱਚ ਝੋਨਾ ਲਾ ਕੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਤੁਰੰਤ ਬਣਾਇਆ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਇਲਾਕੇ ਦੀਆਂ ਬੀਬੀਆਂ ਨੇ ਰੋਜ਼ਾਨਾ ਵਿਕਾਸ ਦੇ ਗੁਣਗਾਨ ਕਰਨ ਵਾਲੇ ਆਗੂਆਂ ਨੂੰ ਜੀਟੀ ਰੋਡ ਤੋਂ ਸਾਨੀਪੁਰ ਰੋਡ ’ਤੇ ਨਜ਼ਰ ਮਰਨ ਲਈ ਕਿਹਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।