ਪਟਿਆਲਾ (ਟਨਸ): ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਥੇ ਕਿਹਾ ਕਿ ਜੂਨ ਤੋਂ ਜੀਐੱਸਟੀ ਮੁਆਵਜ਼ਾ ਗ੍ਰਾਂਟ ਬੰਦ ਹੋਣ ਨਾਲ ਪੰਜਾਬ ਦੇ ਵਿੱਤੀ ਘਾਟੇ ਵਿੱਚ 18,000 ਕਰੋੜ ਦਾ ਵਾਧਾ ਹੋ ਸਕਦਾ ਹੈ। ਟੈਕਸ ਉੁਗਰਾਹੀ ਅਤੇ ਕੇਂਦਰ ਦੀਆਂ ਸਕੀਮਾਂ ਦੀ ਗ੍ਰਾਂਟ ਤੋਂ ਹੋਣ ਵਾਲੀ ਆਮਦਨ 75000 ਕਰੋੜ ਹੈ। ਉਨ੍ਹਾਂ ਕਿਹਾ ਿਕ ਸੂਬੇ ਵੱਲੋਂ ਤਨਖ਼ਾਹਾਂ, ਪੈਨਸ਼ਨਾਂ, ਪਿਛਲੇ ਕਰਜ਼ਿਆਂ ’ਤੇ ਵਿਆਜ ਦਾ ਖਰਚਾ ਅਤੇ ਕਰਜ਼ੇ ਦੀ ਮੂਲ ਰਕਮ ਦੀ ਮੁੜ ਅਦਾਇਗੀ ਇਕ ਲੱਖ ਕਰੋੜ ਬਣਦੀ ਹੈ, ਜੋ ਰਾਜ ਦਾ ਇੱਕ ਬੱਝਵਾਂ ਖਰਚ ਹੈ। ਇਸ ਕਾਰਨ ਸੂਬਾ ਲਗਾਤਾਰ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਉਧਰ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਵਿੱਤੀ ਸੰਕਟ ਦੇ ਮੱਦੇਨਜ਼ਰ ਛੱਤੀਸਗੜ੍ਹ, ਕੇਰਲਾ, ਦਿੱਲੀ ਅਤੇ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਪੰਜ ਹੋਰ ਸਾਲਾਂ ਦੀ ਮਿਆਦ ਲਈ ਜੀਐੱਸਟੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਤੋਂ ਪਹਿਲਾਂ ਸਲਾਹ-ਮਸ਼ਵਰੇ ਲਈ ਸੱਦੀ ਗਈ ਮੀਟਿੰਗ ਵਿੱਚ ਕਈ ਸੂਬਿਆਂ ਨੇ ਹੋਰ ਕਈ ਮੰਗਾਂ ਸਮੇਤ ਜੀਐੱਸਟੀ ਮੁਆਵਜ਼ਾ ਕੁਝ ਹੋਰ ਸਾਲਾਂ ਲਈ ਦੇਣ ਦੀ ਮੰਗ ਕੀਤੀ।