ਚਰਨਜੀਤ ਭੁੱਲਰ
ਚੰਡੀਗੜ੍ਹ, 17 ਜੁਲਾਈ
ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਵੱਲੋਂ ਬਾਸਮਤੀ ’ਤੇ ਕੀਟਨਾਸ਼ਕਾਂ ਦੇ ਅਸਰਾਂ ਸਬੰਧੀ ਮਾਪਦੰਡਾਂ ਵਿੱਚ ਤਬਦੀਲੀ ਦੀ ਤਜਵੀਜ਼ ਪੰਜਾਬ ’ਤੇ ਮਾੜਾ ਅਸਰ ਪਾ ਸਕਦੀ ਹੈ। ਜੇਕਰ ਇਨ੍ਹਾਂ ਮਾਪਦੰਡਾਂ ਵਿੱਚ ਬਦਲਾਅ ਹੁੰਦੇ ਹਨ ਤਾਂ ਪੰਜਾਬ ’ਚ ਬਾਸਮਤੀ ਪੈਦਾਵਾਰ, ਵਪਾਰ ਅਤੇ ਬਰਾਮਦ ਨੂੰ ਸੱਟ ਵੱਜ ਸਕਦੀ ਹੈ। ਅਥਾਰਿਟੀ ਨੇ ਭਾਰਤੀ ਬਾਸਮਤੀ ਨੂੰ ਪੱਛਮੀ ਏਸ਼ੀਆ ਵਿੱਚ ਸਵੀਕਾਰਯੋਗ ਬਣਾਉਣ ਲਈ ਇਹ ਕਦਮ ਚੁੱਕਣੇ ਸ਼ੁਰੂ ਕੀਤੇ ਹਨ, ਇਸ ਨਾਲ ਬਾਸਮਤੀ ਉਤਪਾਦਕਾਂ ਨੂੰ ਸੇਕ ਲੱਗ ਸਕਦਾ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਪੱਛਮੀ ਏਸ਼ੀਆ ਦੇ ਮੁਲਕ ਕਤਰ ਅਤੇ ਜੌਰਡਨ ਆਦਿ ਭਾਰਤੀ ਬਾਸਮਤੀ ਵਿੱਚ ਕੀਟਨਾਸ਼ਕਾਂ ਦੇ ਵਧੇਰੇ ਅਸਰਾਂ ਦੇ ਮੱਦੇਨਜ਼ਰ ਕਾਫ਼ੀ ਸਖ਼ਤ ਹੋ ਗਏ ਹਨ ਜਿਸ ਕਾਰਨ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਇਨ੍ਹਾਂ ਮਾਪਦੰਡਾਂ ਨੂੰ ਬਦਲਣ ਦੇ ਰਾਹ ਪੈ ਗਈ ਹੈ। ਇਹ ਮਾਪਦੰਡ ਹੁਣ ਯੂਰਪੀ ਯੂਨੀਅਨ ਦੇ ਬਰਾਬਰ ਲਿਆਉਣ ਬਾਰੇ ਤਜਵੀਜ਼ ਬਣਾਈ ਗਈ ਹੈ। ਪੰਜਾਬ ਬਾਸਮਤੀ ਪੈਦਾਵਾਰ ਵਿੱਚ ਬਾਕੀ ਸੂਬਿਆਂ ਨਾਲੋਂ ਘੱਟ ਨਹੀਂ ਹੈ। ਖੇਤੀ ਅਧਿਕਾਰੀ ਆਖਦੇ ਹਨ ਕਿ ਪੰਜਾਬ ਵਿੱਚ ਚਾਰ ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਹੋ ਚੁੱਕੀ ਹੈ। ਦੂਜੇ ਪਾਸੇ ਅਧਿਕਾਰੀ ਆਖਦੇ ਹਨ ਕਿ ਸਰਕਾਰ ਬਾਸਮਤੀ ’ਤੇ ਵਰਤੀਆਂ ਜਾਣ ਵਾਲੇ ਪਾਬੰਦੀਸ਼ੁਦਾ ਨੌਂ ਕੀਟਨਾਸ਼ਕਾਂ ਬਾਰੇ ਇੱਕ ਮੀਟਿੰਗ ਕਰੇਗੀ ਜਿਸ ਵਿੱਚ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਬਾਸਮਤੀ ’ਤੇ ਕੀਟਨਾਸ਼ਕਾਂ ਦੇ ਅਸਰ ਅਥਾਰਿਟੀ ਵੱਲੋਂ ਤੈਅ ਮਾਪਦੰਡਾਂ ’ਤੇ ਖਰੇ ਉਤਰ ਸਕਣ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਦੀ ਬਾਸਮਤੀ ਵਿਦੇਸ਼ੀ ਮੰਡੀਆਂ ਵਿੱਚ ਸਵੀਕਾਰਯੋਗ ਬਣੇ।
ਅਥਾਰਿਟੀ ਵੱਲੋਂ ਤਜਵੀਜ਼ਤ ਮਾਪਦੰਡ ਬਾਸਮਤੀ ਦੀ ਬਰਾਮਦ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਨਾਜ ਦੀ ਗੁਣਵੱਤਾ ਦੀ ਜਾਂਚ ਲਈ ਲਗਾਈਆਂ ਗਈਆਂ ਪਾਬੰਦੀਆਂ ਕਰ ਕੇ ਪਿਛਲੇ ਸਾਲ ਬਰਾਮਦ ਵਿੱਚ 30 ਫ਼ੀਸਦੀ ਤੋਂ ਵੱਧ ਕਮੀ ਦਰਜ ਕੀਤੀ ਗਈ ਸੀ। ਪੰਜਾਬ ਵਿੱਚ ਬਾਸਮਤੀ ਦੀਆਂ ਕਿਸਮਾਂ ਸਮੇਤ ਝੋਨੇ ਲਈ 18 ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਸੂਤਰ ਦੱਸਦੇ ਹਨ ਕਿ ਬਾਸਮਤੀ ਲਈ ਵਰਤੇ ਜਾਣ ਵਾਲੇ ਕੀਟਨਾਸ਼ਕ ਸਾਈਪਰਮੈਥਰਿਨ ਅਤੇ ਕਾਰਬ੍ਰੈਂਡਾਜ਼ਿਮ ਲਈ ਮਾਪਦੰਡਾਂ ਨੂੰ ਦੋ ਮਿਲੀਗ੍ਰਾਮ ਪ੍ਰਤੀ ਕਿੱਲੋਗ੍ਰਾਮ ਤੋਂ ਘਟਾ ਕੇ ਕ੍ਰਮਵਾਰ 0.01 ਅਤੇ 0.05 ਮਿਲੀਗ੍ਰਾਮ ਕਰਨ ਦੀ ਤਜਵੀਜ਼ ਹੈ। ਉਹ ਦੱਸਦੇ ਹਨ ਕਿ ਪੰਜਾਬ ਦਾ ਬਾਸਮਤੀ ਇਨ੍ਹਾਂ ਮਿਆਰਾਂ ’ਤੇ ਖਰਾ ਨਹੀਂ ਉਤਰ ਸਕੇਗਾ ਜਿਸ ਕਰ ਕੇ ਬਾਸਮਤੀ ਵਿਦੇਸ਼ੀ ਮੰਡੀਆਂ ਵਿੱਚ ਸਵੀਕਾਰ ਕਰਨ ’ਚ ਮੁਸ਼ਕਿਲ ਪੈਦਾ ਹੋਵੇਗੀ। ਅਜਿਹੇ ਹਾਲਾਤ ਵਿੱਚ ਬਾਸਮਤੀ ਉਤਪਾਦਕਾਂ ਨੂੰ ਢੁੱਕਵੇਂ ਭਾਅ ਮਿਲਣ ਵਿੱਚ ਵੀ ਦਿੱਕਤਾਂ ਖੜ੍ਹੀਆਂ ਹੋਣਗੀਆਂ।