ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਅਦਾਕਾਰ ਸੋਨੂੰ ਸੂਦ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਹ ਪਾਰਟੀ ਲਈ ਲਾਹੇਵੰਦ ਹੋਵੇਗਾ। ਉਹ ਅੱਜ ਇਥੇ ਵੇਰਕਾ ਮਿਲਕ ਪਲਾਂਟ ਵਿੱਚ 68ਵੇਂ ਕੁਲ ਹਿੰਦ ਸਹਿਕਾਰੀ ਸਪਤਾਹ ’ਚ ਸ਼ਾਮਲ ਹੋਣ ਅਤੇ ਪੁਲੀਸ ਵੱਲੋਂ ਮਨਾਏ ਗਏ ‘ਨੋ ਚਲਾਨ ਡੇਅ’ ਵਿੱਚ ਸ਼ਾਮਲ ਹੋਣ ਪੁੱਜੇ ਸਨ।
ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸੋਨੂੰ ਸੂਦ ਨੌਜਵਾਨਾਂ ਲਈ ਇਕ ਪ੍ਰੇਰਨਾਸਰੋਤ ਬਣ ਕੇ ਉਭਰੇ ਹਨ। ਕਰੋਨਾ ਕਾਲ ਦੌਰਾਨ ਉਨ੍ਹਾਂ ਨੇ ਜਿਸ ਤਰ੍ਹਾਂ ਲੋੜਵੰਦਾਂ ਦੀ ਮਦਦ ਕੀਤੀ ਹੈ, ਦੇਸ਼ ਵਾਸੀ ਉਸ ਦੀ ਸਰਾਹਨਾ ਕਰ ਰਹੇ ਹਨ। ਡਾ. ਸਿੱਧੂ ਨੇ ਕਿਹਾ ਕਿ ਜੇਕਰ ਸੋਨੂੰ ਸੂਦ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਸ ਨਾਲ ਪਾਰਟੀ ਨੂੰ ਇੱਕ ਨਵਾਂ ਹੁਲਾਰਾ ਮਿਲੇਗਾ। ਸੋਨੂੰ ਸੂਦ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ, ਜਿਸ ਮਗਰੋਂ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਦੀਆਂ ਕਿਆਸਅਰਾਈਆਂ ਸਿਖਰ ’ਤੇ ਹਨ।
ਡਾ. ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਿੱਧੂ ਪਰਿਵਾਰ ਦੀ ‘ਆਪ’ ਵਿੱਚ ਸ਼ਮੂਲੀਅਤ ਲਈ ਯਤਨ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਪਟਿਆਲਾ ਵਿੱਚ ਉਨ੍ਹਾਂ ਦੇ ਘਰ ਆਉਂਦੇ ਰਹੇ ਪਰ ਸਿੱਧੂ ਪਰਿਵਾਰ ਦਾ ਅਜਿਹਾ ਕੋਈ ਮਨ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ‘ਆਪ’ ਦੀ ਵੀ ਹਾਲਤ ਪਤਲੀ ਹੈ ਅਤੇ ‘ਆਪ’ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਇਹੀ ਕਾਰਨ ਹੈ ਕਿ ‘ਆਪ’ ਨੇ ਕਾਹਲੀ ਕਰਦਿਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇਕ ਸੂਚੀ ਵੀ ਜਾਰੀ ਕਰ ਦਿੱਤੀ ਹੈ।
ਉਨ੍ਹਾਂ ਇਕ ਚੋਣ ਸਰਵੇ ਵਿੱਚ ਆਮ ਆਦਮੀ ਪਾਰਟੀ ਨੂੰ ਵਧੇਰੇ ਵੋਟਾਂ ਮਿਲਣ ਦਾ ਦਾਅਵਾ ਰੱਦ ਕਰਦਿਆਂ ਕਿਹਾ ਕਿ ਸਰਵੇਖਣ ਮੁਤਾਬਕ ਕਾਂਗਰਸ 80 ਤੋਂ ਵੱਧ ਸੀਟਾਂ ਤੋਂ ਜਿੱਤ ਪ੍ਰਾਪਤ ਕਰੇਗੀ ਅਤੇ ਮੁੜ ਸੱਤਾ ਵਿੱਚ ਆਵੇਗੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਲਾਏ ਜਾ ਰਹੇ ਦੋਸ਼ਾਂ ਬਾਰੇ ਨਵਜੋਤ ਕੌਰ ਸਿੱਧੂ ਕਿਹਾ ਕਿ ਇਹ ਸਭ ਦਾਅਵੇ ਗਲਤ ਹਨ, ਜੇਕਰ ਉਨ੍ਹਾਂ ਨੂੰ ਫਸਾਉਣਾ ਹੁੰਦਾ ਤਾਂ ਅਜਿਹਾ ਪਹਿਲਾਂ ਵੀ ਕੀਤਾ ਜਾ ਸਕਦਾ ਸੀ। ਕੰਗਣਾ ਰਣੌਤ ਵੱਲੋਂ ਆਜ਼ਾਦੀ ਸਬੰਧੀ ਦਿੱਤੇ ਬਿਆਨ ਬਾਰੇ ਉਨ੍ਹਾਂ ਦੋਸ਼ ਲਾਇਆ ਕਿ ਉਹ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ ਅਤੇ ਬਿਨਾਂ ਸੋਚੇ ਸਮਝੇ ਬੋਲ ਰਹੀ ਹੈ। ਇਸ ਦੌਰਾਨ ਉਨ੍ਹਾਂ ‘ਨੋ ਚਲਾਨ ਦਿਵਸ’ ਮੌਕੇ ਸੜਕ ਸੁਰੱਖਿਆ ਸਬੰਧੀ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਵੀ ਚੁੱਕੀ।