ਇਕਬਾਲ ਸਿੰਘ ਸ਼ਾਂਤ
ਲੰਬੀ, 20 ਮਾਰਚ
ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਨੂੰ ਅਵਾਮ ਵੱਲੋਂ ਮੁੱਢੋਂ ਨਕਾਰੇ ਜਾਣ ਤੋਂ ਬਾਅਦ ਅਕਾਲੀ ਦਲ ਦੀ ਅਣ-ਐਲਾਨੀ ਰਹਿਨੁਮਾਈ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਮਜਬੂਰੀ ਬਣ ਗਈ ਹੈ। ਸਿਆਸੀ ਸਫ਼ਾਂ ਵਿੱਚ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਝੱਲਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਨਤਕ ਸਫ਼ਾਂ ਵਿੱਚ ਪਰਤਦਿਆਂ ਅੱਜ ਲੰਬੀ ਹਲਕੇ ਦੇ ਪਿੰਡਾਂ ਵਿੱਚ ਧੰਨਵਾਦੀ ਦੌਰਾ ਸ਼ੁਰੂ ਕੀਤਾ। ਸ੍ਰੀ ਬਾਦਲ ਹਲਕਾ ਲੰਬੀ ਵਿੱਚ ਬਦਲਾਅ ਦੀ ਲਹਿਰ ਤਹਿਤ 11,361 ਵੋਟਾਂ ਦੇ ਫਰਕ ਨਾਲ ਹਾਰੇ ਹਨ।
ਸੂਬੇ ਵਿੱਚ ਬੇਹੱਦ ਮਜ਼ਬੂਤ ਅਤੇ ਵੱਡਾ ਕਾਡਰ ਹੋਣ ਦੇ ਬਾਵਜੂਦ ਤਿੰਨ ਸੀਟਾਂ ਤੱਕ ਸਿਮਟ ਜਾਣਾ ਨਾਲ ਅਕਾਲੀ ਦਲ ਲਈ ਚੰਗਾ ਸੰਕੇਤ ਨਹੀਂ ਹੈ। ਜ਼ਮੀਨੀ ਤੱਥ ਹਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਤਾਣਾ-ਬਾਣਾ ਪਿੰਡ ਬਾਦਲ ਵਿੱਚ ਹਲਕਾਵਾਰ ਲੀਡਰਸ਼ਿਪ ਨਾਲ ਵੱਡੀਆਂ ਮੀਟਿੰਗ ਤੇ ‘ਨਿੱਕ ਨੇਮ’ ਜੁੰਡਲੀ ਤੱਕ ਸੀਮਤ ਰਹਿ ਗਿਆ। ਅੱਜ ਧੰਨਵਾਦੀ ਦੌਰੇ ਮੌਕੇ ਅੱਧੀ ਦਰਜਨ ਪਿੰਡਾਂ ਵਿੱਚ ਲੋਕਾਂ ਦੇ ਮੁਖਾਤਬਿ ਹੁੰਦਿਆਂ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ। ਐਮਰਜੈਂਸੀ ਬਾਅਦ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਚੋਣ ਹਾਰ ਗਏ ਸਨ। ਲੋਕਾਂ ਨੇ ਬਦਲਾਅ ਦੀ ਚਾਹਤ ਨਾਲ ‘ਆਪ’ ਦੀ ਸਰਕਾਰ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਝੂਠੇ ਵਾਅਦਿਆਂ ਵਾਲੀ ਕਾਂਗਰਸ ਸਰਕਾਰ ਵਾਂਗ ‘ਆਪ’ ਸਰਕਾਰ ਵੀ ਵੱਡੇ ਵਾਅਦਿਆਂ ਨਾਲ ਵਜੂਦ ਵਿੱਚ ਆਈ ਹੈ ਤੇ ਹੁਣ ਸਮਾਂ ਦੱਸੇਗਾ ਕਿ ਸਰਕਾਰ ਆਪਣੇ ਵਾਅਦਿਆਂ ’ਤੇ ਖਰੀ ਉੱਤਰਦੀ ਹੈ ਜਾਂ ਨਹੀਂ। ਸ੍ਰੀ ਬਾਦਲ ਨੇ ਧੰਨਵਾਦੀ ਦੌਰਾ ਜੱਦੀ ਪਿੰਡ ਬਾਦਲ ਤੋਂ ਸ਼ੁਰੂ ਕੀਤਾ। ਸਾਬਕਾ ਮੁੱਖ ਮੰਤਰੀ ਨੇ ਵਰਕਰਾਂ ਨੂੰ ਹੌਂਸਲਾ ਅਤੇ ਹਿੰਮਤ ਦਿੰਦੇ ਆਖਿਆ ਕਿ ਉਹ ਜ਼ਮੀਨ ਪੱਧਰ ’ਤੇ ਲੋਕ ਹਿੱਤਾਂ ਪ੍ਰਤੀ ਡਟੇ ਰਹਿਣ। ਉਹ ਅੱਜ ਗੱਗੜ, ਮਿੱਠੜੀ ਬੁੱਧਗਿਰ ਅਤੇ ਫਤੂਹੀਵਾਲਾ ਦੇ ਵਸਨੀਕਾਂ ਦਾ ਧੰਨਵਾਦ ਕਰਨ ਪੁੱਜੇ। ਇਸ ਮੌਕੇ ਸ੍ਰੀ ਬਾਦਲ ਦੇ ਕਈ ਚਚੇਰੇ ਭਾਈ-ਭਤੀਜੇ ਅਤੇ ਪਾਰਟੀ ਦੇ ਪੇਂਡੂ ਇੰਚਾਰਜ ਅਤੇ ਆਗੂ ਮੌਜੂਦ ਸਨ।