ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 8 ਫਰਵਰੀ
ਵਿਧਾਨ ਸਭਾ ਹਲਕਾ ਜਲਾਲਾਬਾਦ ਹੌਟ ਸੀਟ ਬਣ ਗਈ ਹੈ ਕਿਉਂਕਿ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਹਨ। ਉਹ ਪਹਿਲਾਂ ਵਿਧਾਇਕੀ ਛੱਡ ਕੇ ਹਲਕਾ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਦੀ ਸੀਟ ਵੀ ਜਿੱਤ ਚੁੱਕੇ ਹਨ ਅਤੇ ਹੁਣ ਦੁਬਾਰਾ ਵਿਧਾਇਕ ਦੀ ਚੋਣ ਜਿੱਤ ਕੇ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਹੋ ਰਹੇ ਹਨ। ਸੁਖਬੀਰ ਸਿੰਘ ਬਾਦਲ ਦੇ ਸੰਸਦ ਮੈਂਬਰ ਦੀ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਸੀਟ ’ਤੇ ਕਾਂਗਰਸ ਦੇ ਰਮਿੰਦਰ ਆਵਲਾ ਨੂੰ ਜਿੱਤ ਪ੍ਰਾਪਤ ਹੋਈ ਸੀ ਪਰ ਹੁਣ ਕਾਂਗਰਸ ਪਾਰਟੀ ਵੱਲੋਂ ਮੋਹਨ ਸਿੰਘ ਫਲੀਆਂ ਵਾਲੇ ਨੂੰ ਉਮੀਦਵਾਰ ਬਣਾਇਆ ਗਿਆ ਹੈ। ਰਮਿੰਦਰ ਆਵਲਾ ਦੇ ਸੀਟ ਛੱਡਣ ਕਾਰਨ ਕਾਂਗਰਸੀ ਵਰਕਰ ਕਾਫੀ ਖ਼ਫ਼ਾ ਹਨ ਜਿਸ ਕਾਰਨ ਉਹ ਅੰਦਰਖਾਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਬੋਜ ਗੋਲਡੀ ਦੀ ਹਮਾਇਤ ਕਰ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਮਜ਼ਬੂਤ ਉਮੀਦਵਾਰ ਨਾ ਦੇਣ ਕਾਰਨ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ। ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੀਆਂ ਟੀਮਾਂ ਵੀ ਮਿਹਨਤ ਨਾਲ ਕੰਮ ਕਰ ਰਹੀਆਂ ਹਨ ਜਿਸ ਕਾਰਨ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁਕਾਬਲਾ ਦਿਲਚਸਪ ਹੋਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਗੋਲਡੀ ਕੰਬੋਜ ਨੇ ਕਿਹਾ ਕਿ ਭਾਵੇਂ ਅਕਾਲੀਆਂ ਦੇ ਝੰਡੇ ਘਰਾਂ ਅੱਗੇ ਜ਼ਿਆਦਾ ਗਿਣਤੀ ਵਿਚ ਦਿਖਾਈ ਦੇ ਰਹੇ ਹਨ ਪਰ ਉਨ੍ਹਾਂ ਘਰਾਂ ਦੇ ਮਾਲਕ ‘ਆਪ’ ਦੇ ਹੱਕ ਵਿਚ ਭੁਗਤ ਰਹੇ ਹਨ ਕਿਉਂਕਿ ਲੋਕ ਰਵਾਇਤੀ ਪਾਰਟੀਆਂ ਨੂੰ ਵੋਟਾਂ ਪਾ ਕੇ ਥਕ ਚੁੱਕੇ ਹਨ।