ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਗਸਤ
ਰਾਜ ਸਭਾ ਮੈਂਬਰ ਵਿਕਰਮਜੀਤ ਸਿੰੰਘ ਸਾਹਨੀ ਨੇ ਅੱਜ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਤਿਹਾਸ ਦੀ ਜਾਣਕਾਰੀ ਪੰਜਾਬੀ ਭਾਸ਼ਾ ਵਿਚ ਵੀ ਦਿੱਤੀ ਜਾਵੇ। ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਜੱਲ੍ਹਿਆਂਵਾਲਾ ਬਾਗ ਵਿਚਲੀਆਂ ਤਰੁੱਟੀਆਂ ਬਾਰੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਨ੍ਹਾਂ ਨੂੰ ਦੂਰ ਕਰਨ ਲਈ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹੀਦੀ ਅਸਥਾਨ ਦੇ ਅਸਲ ਸਰੂਪ ਨੂੰ ਜਿਵੇਂ ਦਾ ਤਿਵੇਂ ਰੱਖਿਆ ਜਾਵੇ, ਇਸ ਦੇ ਅਸਲ ਸਰੂਪ ਨੂੰ ਕਦੇ ਬਦਲਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਇੱਥੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਹੋਰਨਾਂ ਦੇ ਨਾਮ ਹਿੰਦੀ ਤੇ ਅੰਗਰੇਜ਼ੀ ਵਿੱਚ ਤਾਂ ਲਿਖੇ ਹੋਏ ਹਨ ਪਰ ਪੰਜਾਬੀ ਵਿੱਚ ਨਹੀਂ ਜਦੋਂਕਿ ਇਹ ਪੰਜਾਬੀ ਵਿਚ ਲਾਜ਼ਮੀ ਲਿਖੇ ਹੋਣੇ ਚਾਹੀਦੇ ਹਨ। ਉਨ੍ਹਾਂ ਪ੍ਰਵੇਸ਼ ਦੁਆਰ ਦਾ ਸਰੂਪ ਬਦਲਣ, ਗੋਲੀਆਂ ਚਲਾਉਣ ਵਾਲੀ ਥਾਂ ਨੂੰ ਦਰਸਾਉਂਦੀ ਬੁਰਜੀ ਨੂੰ ਹਟਾ ਦੇਣ, ਸ਼ਹੀਦੀ ਲਾਟ ਨੂੰ ਪਿਛਾਂਹ ਲਿਜਾਣ ਆਦਿ ਕਈ ਮਾਮਲਿਆਂ ’ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉਹ ਇਹ ਸਾਰੀਆਂ ਤਰੁੱਟੀਆਂ ਪ੍ਰਧਾਨ ਮੰਤਰੀ ਜੋ ਕਿ ਇਸ ਯਾਦਗਾਰੀ ਟਰੱਸਟ ਦੇ ਮੁਖੀ ਹਨ, ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਇਨ੍ਹਾਂ ਨੂੰ ਠੀਕ ਕਰਵਾਇਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਕਰਵਾਉਣ ਦੀ ਲੋੜ ਹੈ ਕਿ ਇਹ ਤਰੁੱਟੀਆਂ ਕਿਉਂ ਹੋਈਆਂ।