ਨਵੀਂ ਦਿੱਲੀ, 20 ਸਤੰਬਰ
ਕੇਂਦਰੀ ਜਹਾਜ਼ਰਾਨੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਨੇ ਅੱਜ ਕਿਹਾ ਕਿ ਉਹ ਉਨ੍ਹਾਂ ਦੋਸ਼ਾਂ ’ਤੇ ਚਰਚਾ ਤੇ ਸਮੀਖਿਆ ਕਰਨਗੇ ਜਿਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਹਵਾਈ ਅੱਡੇ ’ਤੇ ਦਿੱਲੀ ਆਉਣ ਵਾਲੀ ਉਡਾਣ ਤੋਂ ਲਾਹ ਦਿੱਤਾ ਗਿਆ ਸੀ। ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਤੱਥਾਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਸੀ ਕਿ ਸ੍ਰੀ ਮਾਨ ਨੂੰ ਫਰੈਂਕਫਰਟ ਹਵਾਈ ਉਡਾਣ ਤੋਂ ਇਸ ਲਈ ਲਾਹਿਆ ਗਿਆ ਸੀ ਕਿਉਂਕਿ ਉਹ ਨਸ਼ੇ ਵਿਚ ਸਨ। ਦੂਜੇ ਪਾਸੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਦੀ ਜਾਂਚ ਮੰਗਦਿਆਂ ਸਿੰਧੀਆ ਨੂੰ ਪੱਤਰ ਲਿਖਿਆ ਸੀ।