ਪੱਤਰ ਪ੍ਰੇਰਕ
ਬੰਗਾ, 10 ਜਨਵਰੀ
ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਅਤੇ ਕਿਸਾਨੀ ਦੇ ਹੱਕ ਵਿੱਚ ਖੜ੍ਹੀ ਹੈ ਅਤੇ ਖੇਤੀ ਕਾਨੂੰਨ ਰੱਦ ਹੋਣ ਤਕ ਚੈਨ ਨਾਲ ਨਹੀਂ ਬੈਠੇਗੀ। ਉਹ ਬੰਗਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਅਤੇ ਗ੍ਰਾਂਟਾਂ ਦੇ ਚੈੱਕ ਵੰਡਣ ਪੁੱਜੇ ਸਨ। ਉਨ੍ਹਾਂ ਮਾਹਿਲ ਗਹਿਲਾ, ਪਠਲਾਵਾ, ਭਰੋਲੀ ਅਤੇ ਤਲਵੰਡੀ ਜੱਟਾਂ ਦੀਆਂ ਪੰਚਾਇਤਾਂ ਨੂੰ ਕਰੀਬ 60 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ। ਤਿਵਾੜੀ ਨੇ ਕਿਹਾ ਕਿ ਕੇਂਦਰ ਨੇ ਖੇਤੀ ਕਾਨੂੰਨ ਬਣਾ ਕੇ ਦੇਸ਼ ਦੇ ਕਿਸਾਨ ਤੇ ਕਿਰਤੀ ਵਰਗ ਨਾਲ ਧੋਖਾ ਕੀਤਾ ਹੈ, ਜਿਸ ਖ਼ਿਲਾਫ਼ ਪੰਜਾਬ ਤੋਂ ਉੱਠੀ ਲਹਿਰ ਹੁਣ ਜਨ ਅੰਦੋਲਨ ਬਣ ਕੇ ਕੇਂਦਰ ਦੀਆਂ ਵਧੀਕੀਆਂ ਖ਼ਿਲਾਫ਼ ਜੰਗ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਇਹ ਲੜਾਈ ਜਾਰੀ ਰਹੇਗੀ।