ਚਰਨਜੀਤ ਭੁੱਲਰ
ਚੰਡੀਗੜ੍ਹ, 12 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਇੱਥੇ ‘ਪੰਜਾਬ ਬੋਲਦਾ’ ਪ੍ਰੋਗਰਾਮ ਵਿਚ ਅਸਿੱਧੇ ਤਰੀਕੇ ਨਾਲ ਕਾਂਗਰਸ ਹਾਈਕਮਾਨ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਉਹ ਸਿਆਸਤ ਵਿਚ ‘ਸ਼ੋਅ ਪੀਸ’ ਬਣਨ ਲਈ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਚੰਗੇ ਇਨਸਾਨ ਨੂੰ ਸਿਆਸਤ ਵਿਚ ‘ਨੁਮਾਇਸ਼ ਦੀ ਚੀਜ਼’ ਬਣਾ ਦਿੱਤਾ ਜਾਂਦਾ ਹੈ। ਚੋਣਾਂ ਜਿੱਤਣ ਮਗਰੋਂ ਮੋਹਰੇ ਵਾਂਗ ਰੱਖ ਦਿੱਤਾ ਜਾਂਦਾ ਹੈ। ਉਨ੍ਹਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਡਟ ਕੇ ਖੜਨ ਦੀ ਗੱਲ ਵੀ ਕੀਤੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਲਈ ਪੰਜਾਬ ਦੇ ਹਿੱਤ ਪਹਿਲੀ ਤਰਜੀਹ ਹਨ। ਸਿੱਧੂ ਨੇ ਅੱਜ ਖੁ਼ਦ ਨੂੰ ਅਸਿੱਧੇ ਤੌਰ ’ਤੇ ਆਗਾਮੀ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ।
ਸਿੱਧੂ ਨੇ ਕਿਹਾ ਕਿ ਪੰਜਾਬ ਚੋਣਾਂ ਐਤਕੀਂ ਅਗਲੀ ਨਸਲ ਬਚਾਉਣ ਦੇ ਮੁੱਦੇ ’ਤੇ ਹੋਣਗੀਆਂ ਅਤੇ ਲੋਕਾਂ ਕੋਲ ਇਹ ਆਖ਼ਰੀ ਮੌਕਾ ਹੈ ਕਿ ਉਨ੍ਹਾਂ ਨੇ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਸਹੀ ਵਿਅਕਤੀ ਦੀ ਚੋਣ ਕਰਨੀ ਹੈ ਜਾਂ ਪੰਜਾਬ ਨੂੰ ਅਰਾਜਕਤਾ ਵੱਲ ਧੱਕਣਾ ਹੈ। ਉਨ੍ਹਾਂ ਆਪਣੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਲੋਕ ਇਮਾਨਦਾਰ ਲੋਕਾਂ ਨੂੰ ਅੱਗੇ ਲਿਆਉਣ। ਉਨ੍ਹਾਂ ਕਿਹਾ ਕਿ ਐਤਕੀਂ ਪੰਜਾਬ ਦੇ ਲੋਕ ਗੁਮਰਾਹ ਨਹੀਂ ਹੋਣਗੇ। ਇੱਥੇ ਲਾਅ ਭਵਨ ’ਚ ‘ਬੋਲਦਾ ਪੰਜਾਬ’ ਪ੍ਰੋਗਰਾਮ ਵਿਚ ਨਵਜੋਤ ਸਿੱਧੂ ਨੇ ਅੱਜ ਲੋਕਾਂ ਦੇ ਸਵਾਲ ਠਰ੍ਹੰਮੇ ਨਾਲ ਸੁਣੇ ਅਤੇ ਸਭਨਾਂ ਦੇ ਜਵਾਬ ਦਿੱਤੇ। ਉਨ੍ਹਾਂ ਆਪਣੇ ਪੰਜਾਬ ਮਾਡਲ ਦੀ ਗੱਲ ਕਰਦਿਆਂ ਕਈ ਸਵਾਲਾਂ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ। ਉਨ੍ਹਾਂ ਆਪਣੇ ਏਜੰਡੇ ਅਤੇ ਸਿਧਾਂਤਾਂ ਦੇ ਮਾਮਲੇ ’ਤੇ ਆਪਣੀ ਹੀ ਪਿੱਠ ਥਾਪੜੀ। ਲੈਂਡ ਸੀਲਿੰਗ ਨਾਲ ਸਬੰਧਤ ਸਵਾਲਾਂ ਦਾ ਸਿੱਧੂ ਨੇ ਕੋਈ ਸਿੱਧਾ ਜਵਾਬ ਨਾ ਦਿੱਤਾ। ਡੰਕਲ ਤਜਵੀਜ਼ਾਂ ਦੇ ਮੁੱਦੇ ’ਤੇ ਵੀ ਉਹ ਗੋਲ-ਮੋਲ ਗੱਲ ਕਰ ਗਏ। ਸਾਬਕਾ ਸਿਵਲ ਅਧਿਕਾਰੀ ਜੀ.ਕੇ.ਸਿੰਘ ਨੇ ਸਿਹਤ ਅਤੇ ਸਿੱਖਿਆ ਤੋਂ ਇਲਾਵਾ ਪਰਵਾਸ ਦਾ ਮੁੱਦਾ ਚੁੱਕਿਆ। ਸਿੱਧੂ ਨੇ ਮੁੜ ਕਿਹਾ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਮਾਫ਼ੀਏ ਨੂੰ ਲਗਾਮ ਪਾ ਕੇ ਆਮਦਨੀ ਦੇ ਸਰੋਤ ਪੈਦਾ ਹੋਣਗੇ। ਪ੍ਰੋ. ਮਨਜੀਤ ਸਿੰਘ ਅਤੇ ਅਵਤਾਰ ਸਿੰਘ ਵੱਲੋਂ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ|
‘ਨਕਲੀ ਸਿੱਧੂ ਬਣ ਘੁੰਮ ਰਿਹੈ ਕੇਜਰੀਵਾਲ’
ਸਿੱਧੂ ਨੇ ‘ਆਪ’ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੇਜਰੀਵਾਲ ਨਕਲੀ ਸਿੱਧੂ ਬਣ ਕੇ ਘੁੰਮ ਰਿਹਾ ਹੈ ਅਤੇ ਉਨ੍ਹਾਂ (ਸਿੱਧੂ) ਦੇ ਪੰਜਾਬ ਮਾਡਲ ਦੀ ਨਕਲ ਹੁਣ ਕੇਜਰੀਵਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਸੱਤਾ ਵਿਚ ਆਏ ਸਨ ਤਾਂ ਉਨ੍ਹਾਂ ਨੇ ਅੱਠ ਲੱਖ ਨੌਕਰੀਆਂ ਦੀ ਗੱਲ ਕੀਤੀ ਸੀ, ਪਰ ਹੁਣ ਤੱਕ ਸਿਰਫ਼ 440 ਲੋਕਾਂ ਨੂੰ ਹੀ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਝੂਠ ਵੇਚ ਰਿਹਾ ਹੈ।
ਦੋ ਮੁੱਖ ਮੰਤਰੀਆਂ ਵੱਲੋਂ 900 ਏਕੜ ’ਤੇ ਨਜਾਇਜ਼ ਕਬਜ਼ਾ
ਨਵਜੋਤ ਸਿੱਧੂ ਨੇ ਮਾਫ਼ੀਆ ਰਾਜ ਦੀ ਗੱਲ ਕਰਦਿਆਂ ਕਿਹਾ ਕਿ ਮੁਹਾਲੀ ਖ਼ਿੱਤੇ ਵਿਚ ਡੇਢ ਲੱਖ ਕਰੋੜ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਹਨ ਅਤੇ ਜ਼ਮੀਨੀ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਕਰੀਬ 900 ਏਕੜ ਜ਼ਮੀਨ ’ਤੇ ਸਿਰਫ਼ ਦੋ ਮੁੱਖ ਮੰਤਰੀਆਂ ਦਾ ਕਬਜ਼ਾ ਹੈ। ਸਿੱਧੂ ਨੇ ਹਾਲਾਂਕਿ ਦੋਵਾਂ ਮੁੱਖ ਮੰਤਰੀਆਂ ਦੇ ਨਾਮ ਜਨਤਕ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਵਿਚਲੇ ਨਾਮ ਜਨਤਕ ਹੋ ਗਏ ਤਾਂ ਸਿਆਸਤ ’ਚ ਭੂਚਾਲ ਆ ਜਾਵੇਗਾ।