ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 19 ਜੁਲਾਈ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਆਖਿਆ ਕਿ ਖੇਡਾਂ ਦੇ ਖੇਤਰ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਖੇਡ ਦੇ ਵੱਡੇ ਟੂਰਨਾਮੈਂਟ ਵਿੱਚ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਮੌਜੂਦਾ ਖੇਡ ਨੀਤੀ ਵਿੱਚ ਕਈ ਤਬਦੀਲੀਆਂ ਕਰ ਕੇ ਨਵੀਂ ਵਿਆਪਕ ਖੇਡ ਨੀਤੀ ਬਣਾ ਰਹੀ ਹੈ।
ਉਹ ਅੱਜ ਮੁਹਾਲੀ ਦੇ ਫੇਜ਼ 11 ਵਿੱਚ ਨਿਸ਼ਾਨੇਬਾਜ਼ੀ ਦੇ ਵਿਸ਼ਵ ਕੱਪ ਵਿੱਚ ਦੋ ਸੋਨ ਤਗ਼ਮੇੇ ਜਿੱਤ ਕੇ ਵਤਨ ਪਰਤੇ ਅਰਜੁਨ ਬਬੂਟਾ ਦੇ ਘਰ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਖੇਡ ਮੰਤਰੀ ਦੇ ਨਾਲ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਸਥਾਨਕ ਕੌਂਸਲਰ ਸਰਬਜੀਤ ਸਿੰਘ ਵੀ ਮੌਜੂਦ ਸਨ। ਸ੍ਰੀ ਮੀਤ ਹੇਅਰ ਨੇ ਅਰਜੁਨ ਬਬੂਟਾ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਅਰਜੁਨ ਨੂੰ ਭਵਿੱਖ ਦੇ ਮੁਕਾਬਲਿਆਂ ਅਤੇ 2024 ਵਿੱਚ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੀ ਸ਼ੁਭ ਕਾਮਨਾਵਾਂ ਦਿੱਤੀਆਂ।
ਖੇਡ ਮੰਤਰੀ ਨੇ ਆਖਿਆ ਕਿ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣੀ ਯਕੀਨੀ ਬਣਾਈ ਜਾਵੇਗੀ। ਨਗਦ ਇਨਾਮ ਦੇਣ ਲਈ ਇਸ ਵੇਲੇ ਸਾਰੀਆਂ ਖੇਡਾਂ ਲਈ ਇਕੋ ਨੀਤੀ ਹੈ ਜਦੋਂਕਿ ਹਰ ਖੇਡ ਵਿੱਚ ਟੂਰਨਾਮੈਂਟ ਦਾ ਸ਼ਡਿਊਲ, ਪੱਧਰ ਅਤੇ ਕਿਸਮ ਵੱਖੋ-ਵੱਖਰੀ ਹੈ, ਇਸ ਲਈ ਹਰ ਖੇਡ ਦੇ ਅਹਿਮ ਟੂਰਨਾਮੈਂਟਾਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਨਿਸ਼ਾਨੇਬਾਜ਼ ਅਰਜੁਨ ਬਬੂਟਾ ਨਾਲ ਗੱਲਬਾਤ ਕਰਦਿਆਂ ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਮੁਹਾਲੀ ਦੀ ਫੇਜ਼ 6 ਸਥਿਤ ਰੇਂਜ ਨੂੰ ਆਧੁਨਿਕ ਦਰਜੇ ਦੀ ਬਣਾਇਆ ਜਾ ਰਿਹਾ ਹੈ। ਅਰਜੁਨ ਨੇ ਆਪਣੇ ਘਰ ਵਿੱਚ ਬਣਾਈ ਸ਼ੂਟਿੰਗ ਰੇਂਜ ਵੀ ਦਿਖਾਈ, ਜੋ ਕੋਵਿਡ-19 ਦੇ ਸਮੇਂ ਦੌਰਾਨ ਅਭਿਆਸ ਲਈ ਵਿਸ਼ੇਸ਼ ਤੌਰ ਉਤੇ ਬਣਾਈ ਸੀ। ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਅਰਜੁਨ ਨੇ ਜਲਾਲਾਬਾਦ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬਬੂਟਾ ਪਰਿਵਾਰ ਜੱਦੀ ਤੌਰ ’ਤੇ ਜਲਾਲਾਬਾਦ ਸ਼ਹਿਰ ਦਾ ਰਹਿਣ ਵਾਲਾ ਹੈ। ਅਰਜੁਨ ਦੇ ਪਿਤਾ ਨੀਰਜ ਬਬੂਟਾ ਤੇ ਮਾਤਾ ਦੀਪਤੀ ਬਬੂਟਾ ਨੇ ਖੇਡ ਮੰਤਰੀ ਦਾ ਧੰਨਵਾਦ ਕੀਤਾ। ਲੇਖਕਾ ਦੀਪਤੀ ਬਬੂਟਾ ਨੇ ਆਪਣੀਆਂ ਕਿਤਾਬਾਂ ਦਾ ਸੈੱਟ ਖੇਡ ਮੰਤਰੀ ਨੂੰ ਭੇਟ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਤੇ ਨਾਇਬ ਤਹਿਸੀਲਦਾਰ ਅਰਜਨ ਗਰੇਵਾਲ ਵੀ ਮੌਜੂਦ ਸਨ।