ਸ਼ਸ਼ੀ ਪਾਲ ਜੈਨ
ਖਰੜ, 8 ਮਾਰਚ
ਇਥੋਂ ਦੇ ਸ੍ਰੀ ਰਾਮ ਭਵਨ ਵਿੱਚ ਅੱਜ ਖਰੜ ਹਲਕੇ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਦੀ ਅਗਵਾਈ ਹੇਠ ‘ਪੰਜਾਬ ਮੰਗਦਾ ਜਵਾਬ’ ਮੁਹਿੰਮ ਤਹਿਤ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਦੁੱਧ, ਸਬਜ਼ੀਆਂ ਅਤੇ ਫ਼ਲਾਂ ਲਈ ਐੱਮਐੱਸਪੀ ਲਾਗੂ ਕੀਤੀ ਜਾਵੇਗੀ ਅਤੇ ਜੇਕਰ ਐੱਮਐੱਸਪੀ ਤੋਂ ਘੱਟ ਇਹ ਪਦਾਰਥ ਵਿਕਣਗੇ ਤਾਂ ਉਨ੍ਹਾਂ ਦਾ ਘਾਟਾ ਸਰਕਾਰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਇਸ਼ਾਰੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਰਕਾਰ ਆਉਣ ’ਤੇ ਨੌਕਰੀ ਤੋਂ ਬਰਖਾਸਤ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਵੇਗਾ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ‘ਪੰਜਾਬ ਮੰਗਦਾ ਹਿਸਾਬ’ ਤਹਿਤ ਅੱਜ ਇੱਥੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਤੋਂ ਅੱਕ ਚੁੱਕੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਚੁੱਕੀ ਸਹੁੰ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਚੋਖੇ ਵਾਧੇ ’ਤੇ ਕਾਂਗਰਸੀਆਂ ਦੀ ਆਲੋਚਨਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਪੈਟਰੋਲੀਅਮ ਪਦਾਰਥਾਂ ’ਤੇ 31 ਫ਼ੀਸਦੀ ਟੈਕਸ ਲਗਾਇਆ ਹੈ ਜਦਕਿ ਪੰਜਾਬ ਸਰਕਾਰ ਨੇ ਵੀ 27 ਫ਼ੀਸਦੀ ਟੈਕਸ ਲਗਾ ਰੱਖਿਆ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਇੰਚਾਰਜ ਦੀਦਾਰ ਸਿੰਘ ਭੱਟੀ, ਜ਼ਿਲ੍ਹਾ ਜਥੇਦਾਰ ਜਗਦੀਪ ਸਿੰਘ ਚੀਮਾ, ਕਰਨੈਲ ਸਿੰਘ ਪੰਜੋਲੀ, ਸਵਰਨ ਸਿੰਘ ਚਨਾਰਥਲ ਸਮੇਤ ਹੋਰਾਂ ਨੇ ਵੀ ਵਿਚਾਰ ਸਾਂਝੇ ਕੀਤੇ।
ਲੰਬੀ ਪ੍ਰਦਰਸ਼ਨ ’ਚ ਸੁਖਬੀਰ ਦੀ ਗੈਰਹਾਜ਼ਰੀ ਰੜਕੀ
ਲੰਬੀ (ਇਕਬਾਲ ਸ਼ਾਂਤ): ਇੱਥੇ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਮਾੜੀ ਕਾਰਗੁਜ਼ਾਰੀ ਖਿਲਾਫ਼ ਅਕਾਲੀ ਦਲ (ਬਾਦਲ) ਦੇ ਧਰਨਾ-ਪ੍ਰਦਰਸ਼ਨ ਦਾ ਜਲੌਅ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੈਰਮੌਜੂਦਗੀ ਕਾਰਨ ਫਿੱਕਾ ਸਾਬਤ ਹੋਇਆ। ਸੁਖਬੀਰ ਬਾਦਲ ਦੀ ਅਗਵਾਈ ਹੇਠਾਂ ਪ੍ਰਚਾਰੇ ਧਰਨੇ ’ਚ ਪੁੱਜੇ ਵੱਡੀ ਗਿਣਤੀ ਸਰਗਰਮ ਅਕਾਲੀ ਵਰਕਰਾਂ ਨੂੰ ਪਾਰਟੀ ਪ੍ਰਧਾਨ ਦੇ ਨਾ ਮੌਜੂਦ ਹੋਣ ’ਤੇ ਕਾਫ਼ੀ ਨਮੋਸ਼ੀ ਹੋਈ। ਲੰਮੇ ਸਮੇਂ ਤੋਂ ਇਹ ਪਹਿਲਾ ਮੌਕਾ ਸੀ, ਜਦੋਂ ਕਿਸੇ ਹਲਕਾ ਪੱਧਰੀ ਸਿਆਸੀ ਸਮਾਗਮ/ਸੰਘਰਸ਼ ਬਾਦਲ ਪਰਿਵਾਰ ਦੇ ਮੈਂਬਰਾਂ ਦੀ ਗੈਰਮੌਜੂਦਗੀ ਹੇਠ ਹੋਇਆ। ਪੰਚਾਇਤ ਸੰਮਤੀ ਦਫ਼ਤਰ ਲੰਬੀ ਮੂਹਰੇ ਲਗਾਏ ਧਰਨੇ ਦੀ ਅਗਵਾਈ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕੀਤੀ। ਪਾਰਟੀ ਸੂਤਰਾਂ ਅਨੁਸਾਰ ਅਖੀਰਲੇ ਸਮੇਂ ’ਤੇ ਸੁਖਬੀਰ ਸਿੰਘ ਬਾਦਲ ਦੇ ਫਤਿਹਗੜ੍ਹ ਸਾਹਿਬ ਅਤੇ ਖਰੜ ਧਰਨਿਆਂ ਵਿੱਚ ਸ਼ਮੂਲੀਅਤ ਦਾ ਪ੍ਰੋਗਰਾਮ ਬਣ ਗਿਆ ਸੀ।