ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਮਾਰਚ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸਿੱਖ ਸੰਸਥਾ ਸੰਘਰਸ਼ੀ ਕਿਸਾਨਾਂ ਦੀ ਮਦਦ ਜਾਰੀ ਰੱਖੇਗੀ ਅਤੇ ਇਸ ਤੋਂ ਪਿਛਾਂਹ ਨਹੀਂ ਹਟੇਗੀ। ਉਨ੍ਹਾਂ ਨੇ ਭਾਜਪਾ ਦੇ ਆਗੂ ਅਤੇ ਸਾਬਕਾ ਕੌਮੀ ਸਕੱਤਰ ਹਰਜੀਤ ਸਿੰਘ ਗਰੇਵਾਲ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਪਣੀ ਸਾਖ ਬਹਾਲ ਰੱਖਣ ਲਈ ਕਿਸਾਨਾਂ ਦੀ ਮਦਦ ਨਾ ਕਰਨ ਦੇ ਸੁਝਾਅ ਨੂੰ ਮੁੱਢੋਂ ਰੱਦ ਕਰ ਦਿੱਤਾ।
ਬੀਬੀ ਜਗੀਰ ਕੌਰ ਨੇ ਭਾਜਪਾ ਆਗੂ ਦੀ ਟਿੱਪਣੀ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਜਪਾ ਆਗੂ ਸਿੱਖ ਰਵਾਇਤਾਂ ਦੇ ਖ਼ਿਲਾਫ਼ ਗੱਲ ਕਰ ਰਹੇ ਹਨ। ਉਨ੍ਹਾਂ ਨੂੰ ਸਿੱਖ ਧਰਮ ਦੇ ਸਿਧਾਂਤਾਂ ਬਾਰੇ ਗਿਆਨ ਨਹੀਂ ਹੈ। ਗੁਰੂ ਸਾਹਿਬਾਨ ਨੇ ਹਮੇਸ਼ਾਂ ਹੀ ਸੇਵਾ ਕਾਰਜਾਂ ਨੂੰ ਪ੍ਰਮੁੱਖਤਾ ਦਿੱਤੀ ਹੈ ਅਤੇ ਸਮਾਜ ਦਾ ਸਾਥ ਦੇਣਾ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੈ। ਗੁਰੂ ਨਾਨਕ ਦੇਵ ਜੀ ਨੇ ਖ਼ੁਦ ਖੇਤੀ ਕਰਕੇ ਮਾਰਗ ਦਰਸ਼ਨ ਕੀਤਾ ਹੈ ਅਤੇ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਕਿਸਾਨਾਂ ਦੇ ਨਾਲ ਹਮੇਸ਼ਾ ਖੜ੍ਹੀ ਰਹੇਗੀ। ਸੰਘਰਸ਼ੀ ਕਿਸਾਨਾਂ ਲਈ ਲੰਗਰ-ਪਾਣੀ, ਰਹਿਣ ਲਈ ਪ੍ਰਬੰਧ, ਦਵਾਈਆਂ ਤੇ ਹੋਰ ਸੇਵਾਵਾਂ ਪਹਿਲਾਂ ਵਾਂਗ ਜਾਰੀ ਰੱਖੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਐਕਟ ਤੋਂ ਭਲੀਭਾਂਤ ਜਾਣੂੰ ਹੈ ਅਤੇ ਉਸ ਦੇ ਘੇਰੇ ਹੇਠ ਹੀ ਸਾਰੇ ਕੰਮ ਕਰ ਰਹੀ ਹੈ। ਭਾਜਪਾ ਆਗੂ ਨੂੰ ਕਿਸਾਨਾਂ ਦੀ ਮਦਦ ਕੀਤੇ ਜਾਣ ’ਤੇ ਉਜਰ ਨਹੀਂ ਕਰਨਾ ਚਾਹੀਦਾ ਸਗੋਂ ਅਜਿਹੇ ਸਮੇਂ ਕਿਸਾਨਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ (ਹਰਜੀਤ ਗਰੇਵਾਲ) ਨੂੰ ਆਪਣੀ ਨਸੀਹਤ ਆਪਣੇ ਕੋਲ ਰੱਖਣੀ ਚਾਹੀਦੀ ਹੈ, ਕਿਉਂਕਿ ਭਾਜਪਾ ਆਗੂ ਨੂੰ ਬਤੌਰ ਸਿੱਖ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ।
ਗਰੇਵਾਲ ਨੇ ਕਿਸਾਨਾਂ ਦੀ ਮਦਦ ’ਤੇ ਇਤਰਾਜ਼ ਜਤਾਇਆ
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੇ ਨਾਂ ਇੱਕ ਪੱਤਰ ਭੇਜ ਕੇ ਕਥਿਤ ਦੋਸ਼ ਲਾਇਆ ਕਿ ਸਿੱਖ ਸੰਸਥਾ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਦੇ ਰਹੀ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਨੂੰ ਦਿੱਲੀ ਮੋਰਚੇ ਵਿਖੇ ਸ਼ੈੱਡ ਬਣਾ ਕੇ ਦੇਣ ਅਤੇ ਪੱਖੇ ਲਵਾਉਣ ਦੇ ਫ਼ੈਸਲੇ ’ਤੇ ਇਤਰਾਜ ਕਰਦਿਆਂ ਕਿਹਾ ਕਿ ਗੁਰੂ ਦੀ ਗੋਲਕ ਵਿੱਚ ਸ਼ਰਧਾਲੂਆਂ ਵੱਲੋਂ ਦਿੱਤੀ ਜਾਂਦੀ ਮਾਇਆ ਸਿੱਖ ਗੁਰਦੁਆਰਾ ਐਕਟ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ, ਧਰਮ ਪ੍ਰਚਾਰ ਤੇ ਇਸ ਦੇ ਪਸਾਰ ਵਾਸਤੇ ਖਰਚੀ ਜਾਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨ ਅੰਦੋਲਨ ਦੌਰਾਨ ਜਾਨ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਏ ਵਿੱਤੀ ਮਦਦ ਸਣੇ ਲੰਗਰ ਅਤੇ ਆਰਜ਼ੀ ਪਖਾਨਿਆਂ ਦੀ ਸੇਵਾ ਦੇਣ ਦਾ ਐਲਾਨ ਗੁਰਦੁਆਰਾ ਐਕਟ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਧਾਰਮਿਕ ਸੰਸਥਾ ਦੀ ਸਾਖ ਬਰਕਰਾਰ ਰੱਖਣੀ ਚਾਹੀਦੀ ਹੈ। ਇਸ ਸਬੰਧ ਵਿੱਚ ਭਾਜਪਾ ਆਗੂ ਦੀ ਇੱਕ ਵੀਡਿਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ।