ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਸਤੰਬਰ
ਪੀਏਯੂ ਵੱਲੋਂ ਰੌਣੀ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਕਰਵਾਏ ਗਏ ਕਿਸਾਨ ਮੇਲੇ ਦਾ ਉਦਘਾਟਨ ਅੱਜ ਇਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਤੇ ਪੰਜਾਬੀ ਇਸ ਮਿੱਟੀ ਵਿੱਚੋਂ ਸੋਨਾ ਉਗਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਤੀ ਦੇ ਧੰਦੇ ਵਿੱਚ ਆਏ ਨਿਘਾਰ ਕਾਰਨ ਕਿਸਾਨਾਂ ਦੀ ਵਿਗੜੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਸੰਜੀਦਗੀ ਨਾਲ ਯਤਨ ਕਰ ਰਹੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਪਰਾਲੀ ਸਾੜਨ ਦੇ ਰੁਝਾਨ ਨੂੰ ਪੂਰਨ ਰੂਪ ’ਚ ਠੱਲ੍ਹ ਪਾਉਣ ਦੇ ਯਤਨ ਕੀਤੇ ਜਾਣਗੇ। ਇਹ ‘ਆਪ’ ਸਰਕਾਰ ਦਾ ਪਲੇਠਾ ਸੀਜ਼ਨ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਢੁਕਵੇਂ ਪ੍ਰਬੰਧਾਂ ਦੇ ਹਵਾਲੇ ਨਾਲ ਪਰਾਲੀ ਨਾ ਸਾੜਨ ਦਾ ਭਰੋਸਾ ਦਿੱਤਾ ਸੀ। ਇਸ ਲਈ ਸਰਕਾਰ ਵੱਲੋਂ ਨਵੇਂ ਲੱਗੇ ਕਾਰਖਾਨਿਆਂ ਦੇ ਬੁਆਇਲਰਾਂ ਵਿੱਚ ਪਰਾਲੀ ਦੀ ਵਰਤੋਂ ਯਕੀਨੀ ਬਣਾਉਣ ਲਈ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਨਾਲ ਕਿਸਾਨਾਂ ਨੂੰ ਵਿੱਤੀ ਲਾਭ ਵੀ ਮਿਲੇਗਾ। ਇਸ ਮੌਕੇ ਵਿੱਤ ਮੰਤਰੀ ਨੇ ਇਥੇ ਲੱਗੀ ਸੰਦਾਂ ਤੇ ਖੇਤੀ ਉਤਪਾਦਾਂ ਸਬੰਧੀ ਲੱਗੀਆਂ ਪ੍ਰਦਰਸ਼ਨੀਆਂ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ਪੀਏਯੂ ਦੇੇ ਵੀਸੀ ਡਾ. ਐੱਸਐੱਸ ਗੋਸਲ ਤੇ ਸਾਬਕਾ ਵੀਸੀ ਡਾ. ਐੱਮਐੱਸ ਕੰਗ ਨੇ ਵੀ ਸੰਬੋਧਨ ਕੀਤਾ।
ਭਾਜਪਾ ਦਾ ‘ਅਪਰੇਸ਼ਨ ਲੋਟਸ’ ਦਿੱਲੀ ਵਾਂਗ ਪੰਜਾਬ ’ਚ ਵੀ ਫੇਲ੍ਹ: ਵਿੱਤ ਮੰਤਰੀ
ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਅੱਜ ਇਥੇ ਰੌਣੀ ਫਾਰਮ ਵਿੱਚ ਲਗਾਏ ਗਏ ਕਿਸਾਨ ਮੇਲੇ ਵਿੱਚ ਸ਼ਿਰਕਤ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਜੋੜ-ਤੋੜ ਦੀ ਰਣਨੀਤੀ ਤਹਿਤ ਕੋਝੇ ਤਰੀਕੇ ਵਰਤਣ ’ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ‘ਅਪਰੇਸ਼ਨ ਲੋਟਸ’ ਪਹਿਲਾਂ ਦਿੱਲੀ ਤੇ ਹੁਣ ਪੰਜਾਬ ਵਿੱਚ ਫੇਲ੍ਹ ਹੋ ਚੁੱਕਿਆ ਹੈ ਕਿਉਂਕਿ ‘ਆਪ’ ਵਿਧਾਇਕ ਆਪਣੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨਾਲ ਚੱਟਾਨ ਵਾਂਗ ਖੜ੍ਹੇ ਹਨ। ਸ੍ਰੀ ਚੀਮਾ ਨੇ ਕੇਂਦਰੀ ਹਕੂਮਤ ’ਤੇ ਆਪਣੇ ਰਾਜਸੀ ਵਿਰੋਧੀਆਂ ਖ਼ਿਲਾਫ਼ ਸਰਕਾਰੀ ਮਸਨਿਰੀ ਦੀ ਵਰਤੋਂ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਭਾਜਪਾ ਹੁਣ ‘ਆਪ’ ਤੋਂ ਭੈਅ ਖਾ ਰਹੀ ਹੈ ਕਿਉਂਕਿ ਕੌਮੀ ਸਿਆਸਤ ਦੇ ਨਕਸ਼ੇ ’ਤੇ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਅੰਦਰ ਹੁਣ ‘ਆਪ’ ਮੁੱਖ ਵਿਰੋਧੀ ਧਿਰ ਬਣ ਕੇ ਉਭਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਲੋਕਾਂ ਨਾਲ ਕੀਤਾ ਵਾਅਦੇ ਅੰਤਲੇ ਸਮੇਂ ’ਚ ਨਹੀਂ ਸਗੋਂ ਸ਼ੁਰੂਆਤ ਵਿੱਚ ਹੀ ਪੂਰੇ ਕੀਤੇ ਹਨ।