ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 18 ਅਕਤੂਬਰ
ਜ਼ਿਲ੍ਹਾ ਜਲੰਧਰ ਦੇੇ ਸਤਲੁਜ ਦਰਿਆ ਵਾਲੇ ਪੁਲ ਨਾਲ ਲੱਗਦੇ ਪਿੰਡ ਬੀਟਲਾਂ ’ਚ ਪੇਕੇ ਘਰ ਆਈ ਪਤਨੀ, ਉਸ ਦੇ ਪਹਿਲੇ ਪਤੀ ਤੋਂ ਦੋਹਾਂ ਬੱਚਿਆਂ ਅਤੇ ਸੱਸ-ਸਹੁਰੇ ਨੂੰ ਇਕ ਵਿਅਕਤੀ ਨੇ ਆਪਣੇ ਸਾਥੀ ਨਾਲ ਮਿਲ ਕੇ ਪੈਟਰੋਲ ਛਿੜਕ ਕੇ ਜਿਊਂਦੇ ਸਾੜ ਦਿੱਤਾ। ਮ੍ਰਿਤਕਾਂ ਦੀ ਪਛਾਣ ਮੁਲਜ਼ਮ ਦੀ 28 ਸਾਲਾ ਪਤਨੀ ਪਰਮਜੀਤ ਕੌਰ, ਉਸ ਦੀ 7 ਸਾਲਾ ਧੀ ਅਰਸ਼ਦੀਪ ਕੌਰ, 5 ਸਾਲਾ ਪੁੱਤ ਗੁਰਮੋਹਲ ਸਿੰਘ ਤੋਂ ਇਲਾਵਾ ਸਹੁਰਾ ਸੁਰਜਨ ਸਿੰਘ ਤੇ ਸੱਸ ਜੋਗਿੰਦਰੋ ਬਾਈ ਵਜੋਂ ਹੋਈ ਹੈ। ਜਲੰਧਰ ਦੇ ਐੱਸਐੱਸਪੀ ਸਰਵਨਦੀਪ ਸਿੰਘ ਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਲੂ ਰਾਮ ਆਪਣੇ ਇੱਕ ਸਾਥੀ ਨਾਲ ਇੱਕ ਕੈਨੀ ’ਚ ਪੈਟਰੋਲ ਲਿਆਇਆ ਅਤੇ ਪੈਟਰੋਲ ਛਿੜਕ ਕੇ ਬਾਹਰੋਂ ਕਮਰਾ ਬੰਦ ਕਰਕੇ ਅੱਗ ਲਾ ਦਿੱਤੀ ਤੇ ਫਰਾਰ ਹੋ ਗਿਆ। ਕਮਰੇ ’ਚ ਬੰਦ ਦੋ ਬੱਚਿਆਂ ਸਣੇ ਪੰਜੇ ਜੀਅ ਬੁਰੀ ਤਰ੍ਹਾਂ ਝੁਲਸ ਗਏ। ਇਹ ਵੀ ਪਤਾ ਲੱਗਾ ਹੈ ਕਿ ਮਰਨ ਤੋਂ ਪਹਿਲਾਂ ਪਰਮਜੀਤ ਕੌਰ ਨੇੇ ਦੱਸਿਆ ਕਿ ਉਸ ਦਾ ਪਤੀ ਤੇ ਇੱਕ ਹੋਰ ਵਿਅਕਤੀ ਨਾਲ ਬੀਤੀ ਰਾਤ ਉਨ੍ਹਾਂ ਦੇ ਘਰ ਆਏ ਸਨ ਤੇ ਕਾਲੂ ਰਾਮ ਨੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੀਟਲਾਂ ਦੀ ਪਰਮਜੀਤ ਕੌਰ ਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਦੂਜਾ ਵਿਆਹ ਇੱਕ ਸਾਲ ਪਹਿਲਾ ਪਿੰਡ ਖੁਰਸ਼ੈਦਪੁਰਾ ਦੇ ਕਾਲੂ ਰਾਮ ਨਾਲ ਹੋਇਆ ਸੀ। ਕਾਲੂ ਰਾਮ ਦੋਵੇਂ ਬੱਚਿਆਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਸੀ ਪਰ ਪਰਮਜੀਤ ਕੌਰ ਬੱਚਿਆਂ ਨੂੰ ਨਾਲ ਰੱਖਣਾ ਚਾਹੁੰਦੀ ਸੀ। ਇਸੇ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਪਰਮਜੀਤ ਕੌਰ ਕੁਝ ਦਿਨ ਪਹਿਲਾਂ ਪੇਕੇ ਘਰ ਚਲੀ ਗਈ ਸੀ। ਪਿੰਡ ਵਾਸੀਆਂ ਅਨੁਸਾਰ ਲੰਘੀ ਰਾਤ ਉਸ ਦਾ ਪਤੀ ਕਾਲੂ ਰਾਮ ਆਪਣੇ ਇੱਕ ਸਾਥੀ ਨਾਲ ਆਇਆ। ਉਸ ਕੋਲ ਕੈਨੀ ’ਚ ਪੈਟਰੋਲ ਸੀ ਜੋ ਉਸ ਨੇ ਘਰ ਦੇ ਜੀਆਂ ’ਤੇ ਛਿੜਕ ਕੇ ਅੱਗ ਲਗਾ ਦਿੱਤੀ। ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਲਈ ਨਕੋਦਰ ਦੇ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ ਹਨ। ਜ਼ਿਲ੍ਹਾ ਜਲੰਧਰ ਦੀ ਦਿਹਾਤੀ ਪੁਲੀਸ ਨੇ ਥਾਣਾ ਮਹਿਤਪੁਰ ਵਿੱਚ ਕੇਸ ਦਰਜ ਕਰ ਮੁਲਜ਼ਮ ਕਾਲੂ ਰਾਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।