ਸੰਜੀਵ ਤੇਜਪਾਲ
ਮੋਰਿੰਡਾ, 3 ਜੂਨ
ਸਥਾਨਕ ਵਾਰਡ ਨੰਬਰ 1 ਮਿੱਲ ਰੋਡ ਸਥਿਤ ਇਕ ਘਰ ਵਿੱਚ ਬੀਤੀ ਰਾਤ ਲਗਪਗ 1 ਵਜੇ ਆਲਮ ਨਾਂ ਦੇ ਸ਼ਖ਼ਸ ਨੇ ਸੁੱਤੀ ਪਈ ਆਪਣੀ ਪਤਨੀ ਕਾਜਲ (26) ਅਤੇ ਸਾਲੀ ਦੇ ਮੁੰਡੇ ਸਾਹਿਲ (12) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਆਪਣੀ ਸਾਲੀ ਜਸਪ੍ਰੀਤ ਕੌਰ (30) ਤੇ ਉਹਦੇ ਭਾਣਜੇ ਬੌਬੀ (14) ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵੇਂ ਜ਼ਖ਼ਮੀ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹਨ। ਹਾਲਾਂਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਨੇ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਖਾਧੀ ਤੇ ਮਗਰੋਂ ਖੁ਼ਦ ਪੁਲੀਸ ਸਟੇਸ਼ਨ ਵਿੱਚ ਪੇਸ਼ ਹੋ ਗਿਆ। ਆਲਮ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਤੇ ਊਹ ਇਥੇ ਘਰ ਜਵਾਈ ਵਜੋਂ ਰਹਿੰਦਾ ਹੈ। ਪੁਲੀਸ ਨੇ ਮੁਲਜ਼ਮ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੋਰਿੰਡਾ ਪੁਲੀਸ ਦੇ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਰਾਤ ਡੇਢ ਵਜੇ ਦੇ ਕਰੀਬ ਮੁਲਜ਼ਮ ਆਲਮ ਪੁਲੀਸ ਸਟੇਸ਼ਨ ਆਇਆ ਤੇ ਉਸ ਨੇ ਆਪਣੀ ਪਤਨੀ ਤੇ ਕਰੀਬੀ ਰਿਸ਼ਤੇਦਾਰਾਂ ਦਾ ਕਤਲ ਕਰਨ ਦੀ ਗੱਲ ਕਬੂਲੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਜ਼ਹਿਰੀਲੀ ਚੀਜ਼ ਨਿਗਲਣ ਬਾਰੇ ਵੀ ਦੱਸਿਆ। ਪੁਲੀਸ ਨੇ ਉਸ ਨੂੰ ਫੌਰੀ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਉਧਰ ਆਲਮ ਦੀ ਸੱਸ ਬਬਲੀ ਨੇ ਦੱਸਿਆ ਕਿ ਉਸ ਦਾ ਜਵਾਈ ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਦਾ ਰਹਿਣ ਵਾਲਾ ਹੈ ਤੇ ਪਿਛਲੇ ਦੋ-ਢਾਈ ਸਾਲ ਤੋਂ ਮੋਰਿੰਡਾ ਵਿੱਚ ਹੀ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਆਲਮ ਆਪਣੀ ਪਤਨੀ ਕਾਜਲ ਦੇ ਚਰਿੱਤਰ ਉੱਤੇ ਸ਼ੱਕ ਕਰਦਿਆਂ ਉਹਦੀ ਕੁੱਟਮਾਰ ਕਰਦਾ ਸੀ। ਬੀਤੀ ਰਾਤ ਉਸ ਨੇ ਕੁਹਾੜਾ ਲਿਆ ਕੇ ਸੁੱਤੀ ਪਈ ਆਪਣੀ ਪਤਨੀ ਕਾਜਲ ਅਤੇ ਸਾਲੀ ਦੇ ਮੁੰਡੇ ਸਾਹਿਲ ਨੂੰ ਮਾਰ ਦਿੱਤਾ। ਬਬਲੀ ਨੇ ਦੱਸਿਆ ਕਿ ਉਸ ਨੇ ਕਾਜਲ ਦੇ 9 ਮਹੀਨਿਆਂ ਦੇ ਮੁੰਡੇ ਨੂੰ ਦੂਜੇ ਕਮਰੇ ਵਿੱਚ ਲਿਜਾ ਕੇ ਬੜੀ ਮੁਸ਼ਕਲ ਨਾਲ ਜਾਨ ਬਚਾਈ। ਉਸ ਨੇ ਦੱਸਿਆ ਕਿ ਉਹਦੀ ਇਕ ਧੀ ਸਬੀਨਾ ਥਾਈਲੈਂਡ ਗਈ ਹੋਈ ਹੈ ਤੇ ਜਿਸ ਦੇ ਦੋਵੇਂ ਮੁੰਡੇ ਸਾਹਿਲ ਅਤੇ ਬੌਬੀ ਉਸ ਕੋਲ ਹੀ ਰਹਿੰਦੇ ਹਨ।