ਸਰਬਜੀਤ ਸਿੰਘ ਭੰਗੂ/ਮੁਖਤਿਆਰ ਸਿੰਘ ਨੌਗਾਵਾਂ
ਪਟਿਆਲਾ/ਦੇਵੀਗੜ੍ਹ 30 ਮਈ
ਪਟਿਆਲਾ-ਦੇਵੀਗੜ੍ਹ ਰੋਡ ’ਤੇ ਪਿੰਡ ਭੁਨਰਹੇੜੀ ਵਿੱਚ ਅੱਜ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਤੇ ਧੀ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਕੌਰ (45) ਅਤੇ ਉਸ ਦੀ ਧੀ ਨਵਦੀਪ ਕੌਰ (18) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਮਾਨਸਾ ਦੇ ਬੁਢਲਾਡਾ ਖੇਤਰ ਨਾਲ ਸਬੰਧਤ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਦੀਪ ਦੇ ਨਾਂ ਚਾਰ ਏਕੜ ਜ਼ਮੀਨ ਸੀ ਤੇ ਉਸ ਦਾ ਪਿਤਾ ਫੌਜੀ ਗੁਰਮੁਖ ਸਿੰਘ ਇਹ ਜ਼ਮੀਨ ਆਪਣੇ ਨਾਂ ਲਵਾਉਣ ਲਈ ਦਬਾਅ ਪਾ ਰਿਹਾ ਸੀ। ਗੁਰਮੁਖ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀ ਤੇ ਛੁੱਟੀ ਆਇਆ ਹੋਇਆ ਸੀ। ਜ਼ਮੀਨੀ ਵਿਵਾਦ ਕਾਰਨ ਇੱਕ ਹਫ਼ਤਾ ਪਹਿਲਾਂ ਹਰਪ੍ਰੀਤ ਕੌਰ ਆਪਣੇ ਤਿੰਨ ਬੱਚਿਆਂ ਨਾਲ ਇੱਥੇ ਭੈਣ ਤੇ ਭਣੋਈਏ ਦੇ ਪਿੰਡ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਈ ਸੀ। ਅੱਜ ਦੇਰ ਪਿੰਡ ਦੇ ਬਾਜ਼ਾਰ ਵਿੱਚ ਹਰਪ੍ਰੀਤ ਤੇ ਨਵਦੀਪ ਨੂੰ ਗੁਰਮੁਖ ਸਿੰਘ ਨੇ ਘੇਰ ਲਿਆ। ਉਸ ਨਾਲ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ। ਚਸ਼ਮਦੀਦਾਂ ਅਨੁਸਾਰ ਪਹਿਲਾਂ ਦੋਵਾਂ ਵਿਚਾਲੇ ਬਹਿਸ ਹੋਈ ਤੇ ਮਗਰੋਂ ਗੁਰਮੁਖ ਤੇ ਉਸ ਦੇ ਸਾਥੀ ਨੇ ਦੋਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਰਪ੍ਰੀਤ ਤੇ ਨਵਦੀਪ ਨੇ ਭੱਜ ਕੇ ਜਾਨ ਬਚਾਉਣੀ ਚਾਹੀ, ਪਰ ਵਾਰ ਡੂੰਘੇ ਹੋਣ ਕਾਰਨ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ (ਰੂਰਲ) ਸੁਖਮਿੰਦਰ ਸਿੰਘ ਚੌਹਾਨ ਤੇ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਖੰਡੇ ਪੁਲੀਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ।
ਡੀਐੱਸਪੀ ਚੌਹਾਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਕਤਲ ਦਾ ਮੁੱਢਲਾ ਕਾਰਨ ਜ਼ਮੀਨ ਸਬੰਧੀ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਦੋਵੇਂ ਲਾਸ਼ਾਂ ਰਾਜਿੰਦਰਾ ਹਸਪਤਾਲ ਭੇਜ ਦਿੱਤੀਆਂ ਹਨ।