ਨਰਿੰਦਰ ਸਿੰਘ
ਭਿੱਖੀਵਿੰਡ, 11 ਅਗਸਤ
ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਵਰ੍ਹਿਆਂ ਦੀ ਰਹਿਣ ਵਾਲੀ ਵਿਧਵਾ ਹਰਜਿੰਦਰ ਕੌਰ ਨੇ ਆਪਣੇ ਘਰ ਪ੍ਰੈੱਸ ਕਾਨਫਰੰਸ ਦੌਰਾਨ ਕਥਿਤ ਦੋਸ਼ ਲਾਇਆ ਕਿ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਉਸ ਦੇ ਪੁੱਤਰ ਜੁਗਰਾਜ ਸਿੰਘ (26) ’ਤੇ ਨਸ਼ੇ ਅਤੇ ਹਥਿਆਰਾਂ ਦਾ ਝੂੁਠਾ ਕੇਸ ਪਾ ਕੇ ਉਸ ਨੂੰ ਗੈਂਗਸਟਰ ਸਾਬਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਲਈ ਥਾਣਾ ਚੋਹਲਾ ਸਾਹਿਬ ਦਾ ਐੱਸਐਚਓ ਪਰਮਜੀਤ ਸਿੰਘ ਅਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਪੀਏ ਜਸਵਿੰਦਰ ਸਿੰਘ ਜ਼ਿੰਮੇਵਾਰ ਹੋਣਗੇ ਅਤੇ ਅਜਿਹਾ ਹੋਣ ’ਤੇ ਉਹ ਮਜਬੂਰਨ ਖ਼ੁਦਕੁਸ਼ੀ ਵੀ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਥਾਣੇ ਅੱਗੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਹਰਜਿੰਦਰ ਕੌਰ ਨੇ ਪੁਲੀਸ ’ਤੇ ਦੋਸ਼ ਲਾਉਂਦਿਆਂ ਕਿ ਕਿਹਾ ਕਿ ਪੁਲੀਸ ਸਿਆਸੀ ਦਬਾਅ ਹੇਠ ਛਾਪੇ ਮਾਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਖੇਤੀ ਵੀ ਨਹੀਂ ਕਰਨ ਦੇ ਰਹੀ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਫਿਰ ਵੀ ਕੋਈ ਹੱਲ ਨਹੀਂ ਨਿਕਲਿਆ। ਉਸ ਨੇ ਕਿਹਾ ਕਿ ਉਹ ਕਾਂਗਰਸ ਨਾਲ ਸਬੰਧਤ ਹੈ ਅਤੇ ਪਾਰਟੀ ਦੇ ਆਗੂ ਹੀ ਉਸ ਨਾਲ ਧੱਕਾ ਕਰ ਰਹੇ ਹਨ। ਇਸ ਸਬੰਧੀ ਪਰਿਵਾਰ ਵੱਲੋਂ ਜਿੱਥੇ ਡੀਜੀਪੀ ਪੰਜਾਬ ਅਤੇ ਐੱਸਐੱਸਪੀ ਤਰਨ ਤਾਰਨ ਨੂੰ ਲਿਖਤੀ ਦਰਖਾਸਤਾਂ ਕੱਢੀਆਂ ਗਈਆਂ ਹਨ, ਉੱਥੇ ਇੱਕ ਨੋਟਿਸ ਥਾਣਾ ਚੋਹਲਾ ਸਾਹਿਬ ਦੇ ਬਾਹਰ ਲਾਉਂਦਿਆਂ ਵਿਧਾਇਕ ਦੇ ਪੀਏ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਦੋਂ ਉਹ ਥਾਣੇ ਦੇ ਅੰਦਰ ਧਰਨੇ ’ਤੇ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੁਲੀਸ ਨੇ ਥਾਣੇ ਦੇ ਗੇਟ ਬੰਦ ਕਰ ਦਿੱਤੇ ਜਿਸ ਤੋਂ ਮਗਰੋਂ ਹਰਜਿੰਦਰ ਕੌਰ ਨੇ ਥਾਣੇ ਬਾਹਰ ਪਿੱਟ ਸਿਆਪਾ ਕੀਤਾ।
ਜੁਗਰਾਜ ਖ਼ਿਲਾਫ਼ ਤਿੰਨ ਕੇਸ ਦਰਜ: ਐੱਸਐੱਚਓ
ਐੱਸਐਚਓ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਜੁਗਰਾਜ ਸਿੰਘ ’ਤੇ ਤਿੰਨ ਕੇਸ ਦਰਜ ਹਨ, ਜਿਸ ਕਰਕੇ ਉਨ੍ਹਾਂ ਦੇ ਘਰ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੁਗਰਾਜ ਸਿੰਘ ਦੀ ਜ਼ਮਾਨਤ ਵੀ ਅਦਾਲਤ ਵਿੱਚੋਂ ਰੱਦ ਹੋ ਚੁੱਕੀ ਹੈ ਅਤੇ ਪਰਿਵਾਰ ਉਸ ਨੂੰ ਪੇਸ਼ ਨਹੀਂ ਕਰਵਾ ਰਿਹਾ। ਜ਼ਮੀਨ ਬਾਰੇ ਉਨ੍ਹਾਂ ਕਿਹਾ ਕਿ ਦੂਜੀ ਧਿਰ ਕੋਲ ਸਟੇਅ ਹੈ। ਦੂਜੇ ਪਾਸੇ ਵਿਧਾਇਕ ਦੇ ਪੀਏ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਵਿੱਚ ਕੋਈ ਰੋਲ ਨਹੀਂ ਹੈ।