ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੂਨ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਸਦਨ ਵਿਚ ਨਵਿਆਂ ਅਤੇ ਪੁਰਾਣਿਆਂ ਵਿਚ ਤਿੱਖੀ ਨੋਕ-ਝੋਕ ਨੇ ਖੂਬ ਸਿਆਸੀ ਰੰਗ ਬੰਨ੍ਹਿਆ। ਸਦਨ ’ਚ ਅੱਜ ਰਵਾਇਤੀ ਵਿਰੋਧੀ ਗੈਰ-ਹਾਜ਼ਰ ਰਹੇ। ਸਿਆਸਤ ਦੇ ਪੁਰਾਣੇ ਖਿਡਾਰੀ ਪ੍ਰਕਾਸ਼ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਬਿਨਾਂ ਸਦਨ ਵਿਚ ਸਿਆਸੀ ਮਾਹੌਲ ਦਾ ਪੁਰਾਣਾ ਅੰਦਾਜ਼ ਗਾਇਬ ਰਿਹਾ।
ਸਦਨ ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਹਲਕੀ ਬਹਿਸ ਵੀ ਹੋਈ। ਮਨਪ੍ਰੀਤ ਸਿੰਘ ਬਾਦਲ ਦੀ ਸ਼ਾਇਰੋ ਸ਼ਾਇਰੀ ਦੀ ਘਾਟ ਵੀ ਅੱਜ ਰੜਕਦੀ ਰਹੀ ਜਦਕਿ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੇ ਭਾਸ਼ਨ ਨੂੰ ਸਾਹਿਤਕ ਰੰਗ ਜ਼ਰੂਰ ਦਿੱਤਾ। ਅੱਜ ਜਦੋਂ ਵਿਰੋਧੀ ਧਿਰ ਸਦਨ ਵਿਚ ਭਾਰੂ ਪੈਣ ਲੱਗੀ ਤਾਂ ਹਾਕਮ ਧਿਰ ਦੇ ਵਿਧਾਇਕ ਇੱਕਸੁਰ ਹੋ ਗਏ। ‘ਆਪ’ ਵਿਧਾਇਕਾਂ ਦਾ 92 ਦਾ ਅੰਕੜਾ ਅੱਜ ਸਦਨ ਵਿਚ ਹਾਕਮ ਧਿਰ ਦੇ ਕੰਮ ਆਇਆ।
ਸੁਖਪਾਲ ਖਹਿਰਾ ਨੇ ਅੱਜ ਜਦੋਂ ਸਦਨ ਵਿਚ ਕਿਹਾ ਕਿ ਹਾਕਮ ਧਿਰ ਦੇ ਸਰਕਾਰੀ ਪ੍ਰਾਪਤੀਆਂ ਦੇ ਅੰਕੜੇ ਸਿਰਫ ਅੰਕੜੇ ਹੀ ਹਨ ਤਾਂ ‘ਆਪ’ ਦੇ ਅਮਨ ਅਰੋੜਾ ਨੇ ਵਿਅੰਗ ਕੱਸਿਆ ਕਿ ਅਸਲ ਵਿਚ ਖਹਿਰਾ ‘ਸਾਹਬ’ ਦਾ ਦਰਦ ਜਾਇਜ਼ ਹੈ, ਜੋ ਪਹਿਲਾਂ ਵਿਰੋਧੀ ਬੈਂਚਾਂ ’ਤੇ ਸਨ, ਉਹ (ਆਪ) ਹੁਣ ਹਾਕਮ ਧਿਰ ਵਾਲੇ ਪਾਸੇ ਆ ਗਏ ਹਨ ਪਰ ਖਹਿਰਾ ‘ਸਾਹਬ’ ਉਧਰ ਦੇ ਉਧਰ (ਵਿਰੋਧੀ ਧਿਰ) ਹੀ ਰਹਿ ਗਏ ਹਨ। ਇਸ ਤੋਂ ਬਾਅਦ ਖਹਿਰਾ ਨੇ ਤਲਖ ਸ਼ਬਦ ਵੀ ਵਰਤੇ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਮਿੱਠੇ ਬੋਲਾਂ ਵਿਚ ਹਾਕਮ ਧਿਰ ਨੂੰ ਰਗੜੇ ਲਾਏ। ਕਾਂਗਰਸੀ ਆਗੂਆਂ ਨੇ ਸਦਨ ਵਿਚ ਹਾਕਮ ਧਿਰ ਨੂੰ ਨਸੀਹਤ ਦਿੱਤੀ ਕਿ ਜੇ ਉਨ੍ਹਾਂ ’ਚ ਕੋਈ ਕਮੀਆਂ ਸਨ, ਤਾਹੀਉਂ 18 ਰਹਿ ਗਏ ਹਨ। ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਉਹ ਵੀ ਤਿੰਨ ਰਹਿ ਗਏ ਹਨ।
ਪੰਜਾਬ ਯੂਨੀਵਰਸਿਟੀ ਦਾ ਮੁੱਦਾ ਛਾਇਆ ਰਿਹਾ
ਪੰਜਾਬ ਯੂਨੀਵਰਸਿਟੀ ਦਾ ਮੁੱਦਾ ਅੱਜ ਸਦਨ ਵਿਚ ਛਾਇਆ ਰਿਹਾ। ਸੁਖਪਾਲ ਖਹਿਰਾ ਨੇ ਮਸ਼ਵਰਾ ਦਿੱਤਾ ਕਿ ਵਿਧਾਨ ਸਭਾ ਵਿਚ ਪੰਜਾਬ ’ਵਰਸਿਟੀ ਸਬੰਧੀ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ’ਵਰਸਿਟੀ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਵੀ ਪੰਜਾਬ ’ਵਰਸਿਟੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਫੌਰੀ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਹਨ।
ਵਿਧਾਨ ਸਭਾ ਦਾ ਸੈਸ਼ਨ ਲੰਮਾ ਕੀਤਾ ਜਾਵੇ: ਪਰਗਟ ਸਿੰਘ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਿਫਰ ਕਾਲ ਦੌਰਾਨ ਛੋਟੇ ਸੈਸ਼ਨ ਹੋਣ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੀ ਪੁਰਾਣੇ ਰਾਹਾਂ ’ਤੇ ਹੀ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਘੱਟੋ-ਘੱਟ 15 ਦਿਨਾਂ ਦਾ ਰੱਖਿਆ ਜਾਵੇ| ਸੁਖਪਾਲ ਖਹਿਰਾ ਨੇ ਸੈਸ਼ਨ ਲੰਮਾ ਹੋਣ ਦਾ 15 ਮਾਰਚ 2018 ਨੂੰ ਅਮਨ ਅਰੋੜਾ ਤੇ ਕੁਲਤਾਰ ਸੰਧਵਾਂ ਵੱਲੋਂ ਲਿਖੇ ਪੱਤਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਛੋਟਾ ਬਜਟ ਸੈਸ਼ਨ ਹੋਵੇਗਾ| ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਮੌਜੂਦਾ ਸੈਸ਼ਨ ਵਿਚ ਬੈਠਕਾਂ ਡਬਲ ਕਰ ਦਿੱਤੀਆਂ ਗਈਆਂ ਹਨ।
ਧਾਲੀਵਾਲ ਅਤੇ ਖਹਿਰਾ ਵਿਚਾਲੇ ਹੋਈ ਬਹਿਸਬਾਜ਼ੀ
ਪੰਚਾਇਤੀ ਜ਼ਮੀਨਾਂ ਤੋਂ ਹਟਾਏ ਨਾਜਾਇਜ਼ ਕਬਜ਼ਿਆਂ ਦੀ ਸਦਨ ਵਿਚ ਚਰਚਾ ਹੁੰਦੀ ਰਹੀ| ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਅਤੇ ਸੁਖਪਾਲ ਖਹਿਰਾ ਦਰਮਿਆਨ ਨੋਕ-ਝੋਕ ਵੀ ਹੋਈ। ਖਹਿਰਾ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਜ਼ਮੀਨੀ ਮਾਲਕੀ ਦੇ ਹੱਕ ਦਿੱਤੇ ਜਾਣ ਅਤੇ ਵੱਡਿਆਂ ਤੋਂ ਜ਼ਮੀਨਾਂ ਵਾਪਸ ਲਈਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬ ਕਿਸਾਨਾਂ ਦੇ ਪਿੱਛੇ ਪੈ ਗਈ ਹੈ। ਪੰਚਾਇਤ ਮੰਤਰੀ ਨੇ ਜਵਾਬ ਵਿਚ ਕਿਹਾ ਕਿ ਕਿਸੇ ਗਰੀਬ ਕਿਸਾਨ ਨੂੰ ਉਜਾੜਿਆ ਨਹੀਂ ਜਾ ਰਿਹਾ| ਕੁਲੈਕਟਰ ਭਾਅ ’ਤੇ ਜ਼ਮੀਨਾਂ ਦੇਣ ਦੀ ਵਿਉਂਤ ਬਣਾਈ ਜਾ ਰਹੀ ਹੈ। ਉਨ੍ਹਾਂ ਖਹਿਰਾ ਵੱਲ ਤੱਕਦਿਆਂ ਕਿਹਾ ਕਿ ਦੋ ਤਿੰਨ ਦਿਨਾਂ ਵਿਚ ਵੱਡਿਆਂ ਨੂੰ ਵੀ ਹੱਥ ਪਾਇਆ ਜਾਵੇਗਾ| ਖਹਿਰਾ ਨੇ ਕਿਹਾ ਕਿ 50 ਹਜ਼ਾਰ ਏਕੜ ਰਕਬੇ ਦੇ ਫਾਰਮ ਹਾਊਸ ਵੱਡਿਆਂ ਦੇ ਕਬਜ਼ੇ ਹੇਠ ਹਨ।