ਜੋਗਿੰਦਰ ਸਿੰਘ ਮਾਨ
ਮਾਨਸਾ, 8 ਅਪਰੈਲ
ਮਾਲਵਾ ਪੱਟੀ ਵਿੱਚ ਨਰਮੇ ਦੀਆਂ ਕੀਮਤਾਂ ਕੇਂਦਰ ਸਰਕਾਰ ਵੱਲੋਂ ਮਿੱਥੇ ਘੱਟੋ ਘੱਟ ਸਮਰਥਨ ਮੁੱਲ ਤੋਂ ਦੁੱਗਣੇ ਰੇਟ ’ਤੇ ਲੱਗੀਆਂ ਹਨ। ਕੌਮਾਂਤਰੀ ਮਾਰਕੀਟ ਵਿੱਚ ਰੂੰਅ ਦੀਆਂ ਉੱਚੀਆਂ ਕੀਮਤਾਂ ਕਾਰਨ ਅੱਜ ਨਰਮਾ 12 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕਿਆ ਹੈ, ਜੋ ਹੁਣ ਤੱਕ ਦਾ ਰਿਕਾਰਡ ਹੈ। ਨਰਮੇ ਦੀਆਂ ਕੀਮਤਾਂ ਪਹਿਲਾਂ ਰਾਜਸਥਾਨ ਅਤੇ ਹਰਿਆਣਾ ਵਿੱਚ ਅਸਮਾਨੀ ਪੁੱਜੀਆਂ ਸਨ ਅਤੇ ਹੁਣ ਇਹ ਭਾਅ ਮਾਲਵਾ ਪੱਟੀ ਵਿੱਚ ਉੱਤਰੀ ਭਾਰਤ ਦੇ ਵਪਾਰੀਆਂ ਵੱਲੋਂ ਉੱਚਾ ਚੁੱਕਿਆ ਗਿਆ ਹੈ। ਦਿਲਚਸਪ ਗੱਲ ਹੈ ਕਿ ਕੇਂਦਰ ਸਰਕਾਰ ਦੀ ਸਰਕਾਰੀ ਖਰੀਦ ਏਜੰਸੀ ਭਾਰਤੀ ਕਪਾਹ ਨਿਗਮ (ਸੀਸੀਆਈ) ਨੇ ਕੀਮਤਾਂ ਵਧਣ ਕਾਰਨ ਐਤਕੀਂ ਆਪਣੀ ਖਰੀਦ ਦੇ ਬੂਹੇ ਬਿਲਕੁਲ ਬੰਦ ਕਰ ਰੱਖੇ ਹਨ।
ਮਾਨਸਾ ਦੀ ਆਧੁਨਿਕ ਕਪਾਹ ਮੰਡੀ ਸਮੇਤ ਪੂਰੇ ਮਾਲਵਾ ਪੱਟੀ ਤੋਂ ਇਕੱਤਰ ਕੀਤੇ ਵੇਰਵਿਆਂ ਤੋਂ ਪਤਾ ਲੱਗਾ ਕਿ ਆਮ ਵਪਾਰੀਆਂ ਵੱਲੋਂ ਸਰਕਾਰੀ ਭਾਅ (ਐੱਮਐੱਸਪੀ) 5825 ਰੁਪਏ ਤੋਂ ਵੱਧ ਕੇ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੇ ਘਰਾਂ ਵਿੱਚ ਸਟੋਰ ਕੀਤੇ ਨਰਮੇ ਨੂੰ ਹੁਣ ਕਣਕ ਦੀ ਵਾਢੀ ਦੌਰਾਨ ਵੇਚਣਾ ਆਰੰਭ ਦਿੱਤਾ ਹੈ। ਵਪਾਰੀਆਂ ਤੋਂ ਇਹ ਵੀ ਪਤਾ ਲੱਗਾ ਕਿ ਇਸ ਵਾਰ ਮੰਗ ਵਧਣ ਕਾਰਨ ਹੀ ਨਰਮੇ ਨੂੰ ਉੱਚੇ ਭਾਅ ’ਤੇ ਅਚਨਚੇਤ ਖਰੀਦਿਆ ਜਾਣ ਲੱਗਾ ਹੈ। ਮੰਡੀਆਂ ਵਿਚ ਹੁਣ ਆੜ੍ਹਤੀਆਂ ਵੱਲੋਂ ਖਰੀਦਿਆ ਗਿਆ ਨਰਮਾ ਹੀ ਵੱਧ ਵਿਕਣ ਲਈ ਆ ਰਿਹਾ ਹੈ। ਬਹੁਤੇ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਆੜ੍ਹਤੀਆਂ ਵੱਲੋਂ ਖਰੀਦਿਆ ਨਰਮਾ ਹੀ ਚਿੱਟਾ ਸੋਨਾ ਬਣਨ ਲੱਗਾ ਹੈ, ਜਦੋਂਕਿ ਆਮ ਕਿਸਾਨਾਂ ਕੋਲ ਤਾਂ ਨਰਮਾ ਹੈ ਹੀ ਨਹੀਂ। ਜ਼ਿਲ੍ਹਾ ਮੰਡੀ ਬੋਰਡ ਵੱਲੋਂ ਪੰਜਾਬ ਸਰਕਾਰ ਨੂੰ ਭੇਜੀਆਂ ਰਿਪੋਰਟਾਂ ਮੁਤਾਬਿਕ ਅੱਜ ਮਾਨਸਾ ਦੀ ਅਨਾਜ ਮੰਡੀ ਵਿਚ ਵਿਕਣ ਲਈ ਆਇਆ ਨਰਮਾ 12 ਹਜ਼ਾਰ ਦੇ ਲਗਪਗ ਵਿਕਿਆ ਹੈ। ਮਾਰਕਿਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਦਾ ਕਹਿਣਾ ਹੈ ਕਿ ਆਮ ਨਰਮਾ 11840 ਰੁਪਏ ਲੱਗਿਆ ਹੈ। ਨਰਮੇ ਨੂੰ ਥੋਕ ਵਿੱਚ ਖਰੀਦਣ ਵਾਲੇ ਇੱਕ ਵਪਾਰੀ ਸ਼ਾਮ ਲਾਲ ਨੇ ਦੱਸਿਆ ਕਿ ਨਰਮੇ ਦੀ ਖਰੀਦ ਦਾ ਸੀਜ਼ਨ ਪਹਿਲੀ ਅਕਤੂਬਰ ਤੋਂ 31 ਮਾਰਚ ਤੱਕ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਦਾ ਰੇਟ ਸਰਕਾਰੀ ਰਿਕਾਰਡ ਵਿੱਚ ਨਹੀਂ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਮੰਡੀਆਂ ਵਿੱਚ ਇਸ ਵਾਰ 12000 ਰੁਪਏ ਨੂੰ ਨਰਮਾ ਵਿਕ ਗਿਆ ਹੈ, ਜਿਸ ਕਰਕੇ ਨਵੇਂ ਸੀਜ਼ਨ ਦੌਰਾਨ ਨਰਮੇ ਹੇਠ ਰਕਬਾ ਵੱਧਣ ਦੀਆਂ ਵੱਡੀਆਂ ਉਮੀਦਾਂ ਪੈਦਾ ਹੋ ਗਈਆਂ ਹਨ।