ਜੋਗਿੰਦਰ ਸਿੰਘ ਮਾਨ
ਮਾਨਸਾ, 28 ਜੂਨ
ਦਿੱਲੀ ਪੁਲੀਸ ਵੱਲੋਂ ਬੀਤੇ ਦਿਨੀਂ ਖਾਲਿਸਤਾਨ ਲਬਿਰੇਸ਼ਨ ਫਰੰਟ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਕਾਬੂ ਕੀਤੇ ਗੁਰਤੇਜ ਸਿੰਘ ਦੇ ਪਰਿਵਾਰ ਨੇ ਸਾਰਾ ਮਾਮਲਾ ਝੂਠਾ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਕਿਸੇ ਨੂੰ ਵੀ ਦਿੱਲੀ ਪੁਲੀਸ ਦੀ ਕਹਾਣੀ ‘ਤੇ ਯਕੀਨ ਨਹੀਂ ਆ ਰਿਹਾ। ਉਧਰ ਮਾਨਸਾ ਦੀ ਪੁਲੀਸ ਦਾ ਕਹਿਣਾ ਹੈ ਕਿ ਉਸ ਨੂੰ ਦਿੱਲੀ ਪੁਲੀਸ ਵੱਲੋਂ ਗੁਰਤੇਜ ਨੂੰ ਚੁੱਕਣ ਬਾਰੇ ਬਿਲਕੁਲ ਪਤਾ ਨਹੀਂ, ਜਦ ਕਿ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਉਸ ਨੇ 24 ਜੂਨ ਨੂੰ ਮਾਨਸਾ ਦੇ ਲਿੰਕ ਰੋਡ ਵਾਸੀ ਗੁਰਤੇਜ ਸਿੰਘ (55) ਨੂੰ ਖਾੜਕੂ ਗਤੀਵਿਧੀਆਂ ਦੇ ਦੋਸ਼ ਮਾਨਸਾ ਪੁਲੀਸ ਨੂੰ ਨਾਲ ਲੈ ਕੇ ਚੁੱਕਿਆ ਹੈ। ਦਿੱਲੀ ਪੁਲੀਸ ਮੁਤਾਬਕ ਗੁਰਤੇਜ ਸਿੰਘ ਮਾਨਸਾ ਰਹਿੰਦਾ ਹੋਇਆ ਖਾਲਿਸਤਾਨ ਫੋਰਸ ਦਾ ਮੈਂਬਰ ਬਣਕੇ ਹਥਿਆਰ ਲੈ ਕੇ ਕਈ ਆਰਐੱਸਐੱਸ ਤੇ ਕਾਂਗਰਸੀ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਘੜ ਰਿਹਾ ਸੀ। ਪੁਲੀਸ ਨੂੰ ਜਦੋਂ ਇਸ ਦੀ ਸੂਹ ਮਿਲੀ ਤਾਂ ਉਸ ਨੇ ਮਾਨਸਾ ਪੁਲੀਸ ਨੂੰ ਨਾਲ ਲੈ ਕੇ ਉਸ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਕੋਲੋਂ ਚੁੱਕ ਲਿਆ, ਜਿਸ ਤੋਂ ਬਾਅਦ ਦਿੱਲੀ ਵਿਖੇ ਗੁਰਤੇਜ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮਾਨਸਾ ਰਹਿੰਦੀ ਗੁਰਤੇਜ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬੇਕਸੂਰ ਹੈ ਤੇ ਉਹ ਅਜਿਹੀਆਂ ਗਤੀਵਿਧੀਆਂ ‘ਚ ਹਿੱਸਾ ਨਹੀਂ ਲੈਂਦਾ। ਉਸ ਦਾ ਪਤੀ ਪਲੰਬਰ ਹੈ ਤੇ ਉਸ ਦਾ ਰਸੌਲੀ ਦਾ ਅਪ੍ਰੇਸ਼ਨ ਹੋਣ ਤੋਂ ਬਾਅਦ 24 ਜੂਨ ਨੂੰ ਉਹ ਸ਼ਹਿਰ ਦੇ ਹਸਪਤਾਲ ਵਿਖੇ ਉਸ ਨੂੰ ਦਵਾਈ ਦਿਵਾਉਣ ਗਿਆ ਸੀ, ਜਿਥੇ ਦਿੱਲੀ ਪੁਲੀਸ ਉਸ ਦੇ ਪਤੀ ਨੂੰ ਚੁੱਕ ਕੇ ਲੈ ਗਈ। ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਖਾਲਸਾ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਰਮਨਦੀਪ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਬਲਵੀਰ ਸਿੰਘ ਰਾਏਸਰ ਨੇ ਕਿਹਾ ਹੈ ਕਿ ਉਹ ਦਿੱਲੀ ਵਿਖੇ ਗੁਰਤੇਜ ਸਿੰਘ ਤੇ ਹੋਰਨਾਂ ਬੇਕਸੂਰ ਸਿੱਖਾਂ ਦਾ ਕੇਸ ਲੜਨਗੇ। ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਪੁਲੀਸ ਵਿਭਾਗ ਦੇ ਧਿਆਨ ਵਿੱਚ ਨਹੀਂ।