ਪਰਮਜੀਤ ਸਿੰਘ
ਫਾਜ਼ਿਲਕਾ, 18 ਜੁਲਾਈ
ਫਾਜ਼ਿਲਕਾ ਪ੍ਰਸ਼ਾਸਨ ਅਤੇ ਬੀਐੱਸਐੱਫ ਦੀ ਪਹਿਲਕਦਮੀ ਮਗਰੋਂ ਸਤਲੁਜ ਦਰਿਆ ’ਤੇ ਪਾਕਿਸਤਾਨ ਵਾਲੇ ਪਾਸੇ ਬਣੇ ਬੈਰਾਜ ਗੇਟ ਬੀਤੀ ਰਾਤ ਖੋਲ੍ਹੇ ਦਿੱਤੇ ਗਏ, ਜਿਸ ਕਾਰਨ ਕੁਦਰਤੀ ਵਹਾਅ ਅਨੁਸਾਰ ਤੇਜ਼ੀ ਨਾਲ ਪਾਣੀ ਦੀ ਨਿਕਾਸੀ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਸਤਲੁਜ ਦਰਿਆ ’ਤੇ ਬੈਰਾਜ ਦੇ ਗੇਟ ਬੰਦ ਕੀਤੇ ਹੋਏ ਸਨ। ਭਾਰੀ ਮੀਂਹ ਕਾਰਨ ਹੜ੍ਹ ਦੇ ਬਣੇ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਇਹ ਮਸਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ। ਇਸ ਮਗਰੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਬੀਐੱਸਐੱਫ ਦੇ ਇੰਸਪੈਕਟਰ ਜਨਰਲ ਨਾਲ ਗੱਲ ਕਰ ਕੇ ਸਮੱਸਿਆ ਦੇ ਹੱਲ ਲਈ ਸਰਹੱਦ ਪਾਰ ਸੁਨੇਹਾ ਭੇਜ ਕੇ ਸਹਿਯੋਗ ਮੰਗਿਆ। ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਰ ਰਾਤ ਹੀ ਗੇਟ ਖੋਲ੍ਹ ਦਿੱਤੇ ਗਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਾਜ਼ਿਲਕਾ ਵਿੱਚ ਫਿਰੋਜ਼ਪੁਰ, ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਤੋਂ ਆਉਣ ਵਾਲੇ ਸੇਮ ਨਾਲਿਆਂ ਰਾਹੀਂ ਆ ਰਿਹਾ ਮੀਂਹ ਦਾ ਪਾਣੀ ਸਮੱਸਿਆ ਪੈਦਾ ਕਰ ਰਿਹਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਦਮ ਚੁੱਕਦਿਆਂ ਪਹਿਲ ਦੇ ਆਧਾਰ ’ਤੇ ਬੀਐੱਸਐੱਫ ਨਾਲ ਤਾਲਮੇਲ ਕਰਕੇ ਸਤਲੁਜ ਦਰਿਆ ’ਤੇ ਪਾਕਿਸਤਾਨ ਵਾਲੇ ਪਾਸੇ ਬਣੇ ਗੇਟ ਖੁੱਲ੍ਹਵਾਏ, ਜਿਸ ਮਗਰੋਂ ਪਾਣੀ ਦੀ ਨਿਕਾਸੀ ਸ਼ੁਰੂ ਹੋ ਗਈ। ਦੱਸਣਾ ਬਣਦਾ ਹੈ ਕਿ ਸਤਲੁਜ ਦਰਿਆ ਫਿਰੋਜ਼ਪੁਰ ਤੋਂ ਪਾਕਿਸਤਾਨ ਵਾਲੇ ਪਾਸੇ ਵਹਿੰਦਾ ਹੈ ਪਰ ਇਹ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਹਾਰ ਜਮਸ਼ੇਰ ਨੇੜੇ ਮੁੜ ਭਾਰਤ ਵਿੱਚ ਦਾਖ਼ਲ ਹੋ ਜਾਂਦਾ ਹੈ। ਇੱਥੋਂ ਸਤਲੁਜ ਯੂ-ਟਰਨ ਲੈ ਕੇ ਵਾਪਸ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾ ਹੈ।