ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਾਰਚ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਖਰਾ ਰੰਗ ਵੇਖਣ ਨੂੰ ਮਿਲਿਆ। ਦੁਪਹਿਰ ਮਗਰੋਂ ਜਦੋਂ ਸਦਨ ਜੁੜਿਆ ਤਾਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਦਨ ਵਿੱਚ ਆ ਕੇ ਬੈਠ ਗਏ, ਜਦਕਿ ਬਾਕੀ ਵਿਧਾਇਕਾਂ ਦੀ ਆਮਦ ਕਾਫ਼ੀ ਸਮੇਂ ਮਗਰੋਂ ਸ਼ੁਰੂ ਹੋਈ। ਦੱਸਦੇ ਹਨ ਕਿ ਅਕਸਰ ਪਹਿਲੋਂ ਵਿਧਾਇਕ ’ਤੇ ਮੰਤਰੀ ਆਉਂਦੇ ਰਹੇ ਹਨ ਅਤੇ ਮਗਰੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਦਨ ’ਚ ਆਮਦ ਹੁੰਦੀ ਰਹੀ ਹੈ। ਅੱਜ ਉਲਟਾ ਰੰਗ ਵੇਖਣ ਨੂੰ ਮਿਲਿਆ ਕਿ ਮੁੱਖ ਮੰਤਰੀ ਸਭ ਤੋਂ ਪਹਿਲਾਂ ਆ ਕੇ ਸੀਟ ’ਤੇ ਬੈਠ ਗਏ।
ਮੁੱਖ ਮੰਤਰੀ ਕਾਫ਼ੀ ਸਮਾਂ ਇਕੱਲੇ ਬੈਠੇ ਰਹੇ। ਥੋੜ੍ਹੇ ਸਮੇਂ ਮਗਰੋਂ ਇੱਕ ਕਾਂਗਰਸੀ ਵਿਧਾਇਕ ਆਏ ਅਤੇ ਮਗਰੋਂ ਵਜ਼ੀਰ ਭਾਰਤ ਭੂਸ਼ਨ ਆਸ਼ੂ ਆ ਕੇ ਉਨ੍ਹਾਂ ਨੂੰ ਮਿਲੇ। ਕਈ ਵਿਧਾਇਕ ਮੌਕੇ ਦਾ ਫਾਇਦਾ ਲੈ ਕੇ ਮੁੱਖ ਮੰਤਰੀ ਨਾਲ ਗੁਫ਼ਤਗੂ ਵੀ ਕਰਦੇ ਰਹੇ। ਅਜਿਹਾ ਮੌਕਾ ਸੀ ਕਿ ਕੁਝ ਸਮੇਂ ਲਈ ਮੁੱਖ ਮੰਤਰੀ ਇਕੱਲੇ ਹੀ ਸਦਨ ਵਿੱਚ ਮੌਜੂਦ ਸਨ, ਇਹ ਵੱਖਰੀ ਗੱਲ ਹੈ ਕਿ ਉਦੋਂ ਸਦਨ ਦੀ ਕਾਰਵਾਈ ਹਾਲੇ ਸ਼ੁਰੂ ਨਹੀਂ ਹੋਈ ਸੀ। ਮੁੱਖ ਮੰਤਰੀ ਦੇ ਸਾਹਮਣੇ ਵਿਰੋਧੀ ਧਿਰ ਵਾਲੀਆਂ ਸੀਟਾਂ ਵੀ ਖਾਲੀ ਪਈਆਂ ਸਨ। ਅੱਜ ਜਦੋਂ ਮੁੱਖ ਮੰਤਰੀ ਸਦਨ ਵਿੱਚੋਂ ਵਾਪਸ ਜਾਣ ਲੱਗੇ ਤਾਂ ‘ਆਪ’ ਦੇ ਵਿਧਾਇਕ ਕੁਲਤਾਰ ਸੰਧਵਾਂ ਅਤੇ ਅਮਨ ਅਰੋੜਾ ਨੇ ਮੁੱਖ ਮੰਤਰੀ ਨਾਲ ਗੱਲਬਾਤ ਕਰਨੀ ਚਾਹੀ। ਉਨ੍ਹਾਂ ਨੇ ਮੁੱਖ ਮੰਤਰੀ ਕੋਲ ਤੁਰੇ ਜਾਂਦੇ ਹੀ ਆਪਣਾ ਮਸਲਾ ਰੱਖਿਆ।
ਨਵਜੋਤ ਸਿੱਧੂ ਰਹੇ ਦੂਰ ਦੂਰ!
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਵਿਧਾਇਕ ਨਵਜੋਤ ਸਿੱਧੂ ਵੀ ਅੱਜ ਪਲੇਠੀ ਬੈਠਕ ਵਿੱਚ ਕਰੀਬ 10.30 ਵਜੇ ਹੀ ਪੁੱਜ ਗਏ। ਉਨ੍ਹਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ। ਅੱਜ ਉਨ੍ਹਾਂ ਨੂੰ ਖੁੱਲ੍ਹੇ ਤੌਰ ’ਤੇ ਮੁੱਖ ਮੰਤਰੀ ਨਾਲ ਮਿਲਦੇ ਨਹੀਂ ਦੇਖਿਆ ਗਿਆ ਅਤੇ ਨਾ ਹੀ ਅੱਜ ਵਿਧਾਇਕ ਪਰਗਟ ਸਿੰਘ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਨਜ਼ਰ ਆਏ ਜਦਕਿ ਬਾਕੀ ਵਜ਼ੀਰਾਂ ਨੇ ਵਾਰੋ-ਵਾਰੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ।