ਨਵੀਂ ਦਿੱਲੀ (ਪੱਤਰ ਪ੍ਰੇਰਕ): ਸਿੰਘੂ ਬਾਰਡਰ ਉੱਤੇ ਕਿਸਾਨਾਂ ਦੀ ਹਮਾਇਤ ਲਈ ਪੁੱਜੇ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਧਰਨੇ ਉਪਰ ਬੈਠੇ ਕਿਸਾਨਾਂ ਨੇ ਅੱਜ ਮੁੱਖ ਮੰਚ ’ਤੇ ਨਹੀਂ ਚੜ੍ਹਨ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਭੁਪਿੰਦਰ ਸਿੰਘ ਤਲਵੰਡੀ ਨੇ ਦੱਸਿਆ ਕਿ ਗੁਰਦਾਸ ਮਾਨ ਸਿੰਘੂ ਬਾਰਡਰ ਉੱਤੇ ਪੁੱਜਾ ਤੇ ਧਰਨੇ ਵਿੱਚ ਕਿਸਾਨਾਂ ਨਾਲ ਬੈਠ ਗਿਆ, ਪਰ ਲੋਕਾਂ ਨੇ ਰੌਲਾ ਪਾ ਕੇ ਉਨ੍ਹਾਂ ਨੂੰ ਮੰਚ ਉਪਰ ਚੜ੍ਹਨ ਤੋਂ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਗਾਇਕ ਜਿਉਂ ਹੀ ਉੱਠਿਆ ਤਾਂ ਲੋਕਾਂ ਨੇ ਉਸ ਨੂੰ ਬੈਠਣ ਲਈ ਆਖ ਦਿੱਤਾ ਕਿ ਉਹ ਕਿਤੇ ਮੰਚ ਉਪਰ ਭਾਸ਼ਣ ਨਾ ਦੇਣ ਲੱਗ ਜਾਵੇ। ਜਿਉਂ ਹੀ ਲੋਕਾਂ ਨੇ ਰੌਲਾ ਪਾਇਆ ਤਾਂ ਗੁਰਦਾਸ ਮਾਨ ਹੱਥ ਜੋੜ ਫਤਿਹ ਬੁਲਾ ਕੇ ਮੁੜ ਬੈੈਠ ਗਿਆ। ਕਿਸਾਨਾਂ ਦੀ ਹਮਾਇਤ ਵਿੱਚ ਉਹ ਸਿਰ ਉਪਰ ਡੱਬੀਆਂ ਵਾਲਾ ਸਾਫ਼ਾ ਬੰਨ੍ਹ ਕੇ ਆਇਆ।