ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਅੰਮ੍ਰਿਤਸਰ, 4 ਮਈ
ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਿਊੂ.ਐੱਫ.ਪੀ.) ਵੱਲੋਂ ਅੱਜ ਇਸ ਸਾਲ ਫਰਵਰੀ-ਮਾਰਚ ਵਿੱਚ ਅਫ਼ਗਾਨਿਤਸਾਨ ਭੇਜੀ ਕਣਕ ਦੀ ਖਰੀਦ, ਟੈਸਟਿੰਗ ਅਤੇ ਢੋਆ-ਢੁਆਈ ਦੀ ਪ੍ਰਕਿਰਿਆ ਸਮਝਣ ਲਈ ਮੈਸਰਜ਼ ਐੱਲਟੀ ਫੂਡਜ਼ ਲਿਮਟਿਡ ਨਾਲ ਪੀਪੀਪੀ ਮੋਡ ਰਾਹੀਂ ਨਿਰਮਿਤ ਪਿੰਡ ਮੂਲੇ ਚੱਕ, ਭਗਤਾਂਵਾਲਾ ਵਿੱਚ 50 ਹਜ਼ਾਰ ਮੀਟ੍ਰਿਕ ਟਨ ਸਮਰੱਥਾ ਵਾਲੇ ਪਨਗਰੇਨ ਸਟੀਲ ਸਾਈਲੋ ਵਿੱਚ ਕੀਤੇ ਭੰਡਾਰਨ ਦੀ ਤਕਨੀਕ ਸਮਝਣ ਲਈ ਦੌਰਾ ਕੀਤਾ ਗਿਆ। ਇਸ ਟੀਮ ਵਿੱਚ ਹਾਜ਼ਰ ਮੈਂਬਰਾਂ ਸੈਂਡਰੋ ਬਨਾਲ, ਫਿਲਿਪੋ ਜ਼ੁਨੀਨੋ, ਸਟੈਫਨੀ ਹਰਡ, ਅਮਿਤ ਵਡੇਰਾ ਤੇ ਡਾ. ਸ਼ਰੁਤੀ ਨੇ ਦੱਸਿਆ ਕਿ ਅਫ਼ਗਾਨਿਸਤਾਨ ਵਿੱਚ ਸਪਾਲਾਈ ਕੀਤੀ ਗਈ ਕਣਕ ਦੀ ਗੁਣਵੱਤਾ ਬਹੁਤ ਹੀ ਵਧੀਆ ਸੀ ਤੇ ਇਸ ਤਕਨੀਕ ਨੂੰ ਡਬਲਯੂ.ਐੱਫ.ਪੀ. ਵੱਲੋਂ ਵੀ ਅਪਣਾਇਆ ਜਾਵੇਗਾ। ਉਹ ਇਸ ਪ੍ਰਕਿਰਿਆ ਨੂੰ ਸਮਝਣ ਲਈ ਇਥੇ ਆਏ ਹਨ। ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ ਇਹ ਕਣਕ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਕਣਕ ਪੰਜਾਬ ਤੋਂ ਪਾਕਿਸਤਾਨ ਰਾਹੀਂ ਪਹੁੰਚਾਈ ਗਈ ਸੀ। ਡਬਲਯੂ.ਐੱਫ.ਪੀ. ਟੀਮ ਨੇ ਅੱਜ ਸਾਰੇ ਸਟੋਰਾਂ ਦਾ ਜਾਇਜ਼ਾ ਲਿਆ ਅਤੇ ਢੋਆ-ਢੁਆਈ ਦੀ ਪ੍ਰਕ੍ਰਿਆ ਤੋਂ ਟੈਸਟਿੰਗ ਤੱਕ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਡਬਲਯੂਐੱਫਪੀ ਵੱਲੋਂ ਮਾਨਤਾ ਮਿਲਣਾ ਮਾਣ ਵਾਲੀ ਗੱਲ: ਕਟਾਰੂਚੱਕ
ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐੱਫਪੀ) ਵੱਲੋਂ ਪੰਜਾਬ ਵਿੱਚ ਕਣਕ ਦੇ ਭੰਡਾਰਨ ਲਈ ਅਪਣਾਈਆਂ ਜਾ ਰਹੀਆਂ ਸਾਂਭ-ਸੰਭਾਲ ਸਬੰਧੀ ਤਕਨੀਕਾਂ ਦੀ ਸ਼ਲਾਘਾ ਕੀਤੀ ਗਈ ਹੈ। ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਥੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਡਬਲਯੂ.ਐੱਫ.ਪੀ. ਭਾਰਤ ਵੱਲੋਂ ਅਨਾਜ ਦੇ ਭੰਡਾਰਨ ਲਈ ਵਰਤੀਆਂ ਜਾਂਦੀਆਂ ਤਕਨੀਕਾਂ ਤੋਂ ਪ੍ਰਭਾਵਿਤ ਹੋਇਆ ਹੈ ਤੇ ਹੁਣ ਉਨ੍ਹਾਂ ਵੀ ਅਜਿਹੀ ਹੀ ਐੱਸਓਪੀ ਅਪਣਾਉਣ ਦੀ ਤਿਆਰੀ ਕੀਤੀ ਹੈ। ਡਬਲਯੂ.ਐੱਫ.ਪੀ. ਵੱਲੋਂ ਦਿੱਤੀ ਗਈ ਇਸ ਮਾਨਤਾ ਨੂੰ ਮਾਣ ਵਾਲੀ ਗੱਲ ਦੱਸਦਿਆਂ ਮੰਤਰੀ ਨੇ ਕਿਹਾ ਕਿ ਪੱਛਮੀ ਦੇਸ਼ ਹੁਣ ਅਨਾਜ ਦੀ ਸੰਭਾਲ ਦੀਆਂ ਤਕਨੀਕਾਂ ਦਾ ਅਧਿਐਨ ਕਰਨ ਲਈ ਭਾਰਤ ਵੱਲ ਦੇਖ ਰਹੇ ਹਨ ਤੇ ਇਹ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਨੂੰ ਦਰਸਾਉਂਦਾ ਹੈ।