ਦਵਿੰਦਰ ਪਾਲ
ਚੰਡੀਗੜ੍ਹ, 15 ਮਈ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਐਲਾਨਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਉਤੇ ਨਿਸ਼ਾਨਾ ਸੇਧਿਆ ਹੈ। ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ਪੰਜਾਬ ਦਾ ਮੁਸਲਿਮ ਬਹੁਗਿਣਤੀ ਵਾਲਾ ਖੇਤਰ ਹੈ। ਯੋਗੀ ਨੇ ਟਵੀਟ ਕੀਤਾ ਕਿ ‘ਮਾਨਤਾ ਅਤੇ ਧਰਮ ਦੇ ਅਧਾਰ ’ਤੇ ਕਿਸੇ ਵੀ ਤਰ੍ਹਾਂ ਦਾ ਵਿਸ਼ੇਸ਼ ਸਨਮਾਨ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਇਸ ਸਮੇਂ ਮਾਲੇਰਕੋਟਲਾ ਦਾ ਗਠਨ ਕੀਤਾ ਜਾਣਾ ਕਾਂਗਰਸ ਦੀ ਵੰਡਪਾਊ ਨੀਤੀ ਨੂੰ ਦਰਸਾਉਂਦਾ ਹੈ।’
ਦੱਸਣਯੋਗ ਹੈ ਕਿ ਪੰਜਾਬ ਤੇ ਯੂਪੀ ਵਿਚ ਅਗਲੇ ਵਰ੍ਹੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯੂਪੀ ਦੇ ਆਪਣੇ ਹਮਰੁਤਬਾ ਨੂੰ ਟਵੀਟ ਰਾਹੀਂ ਜਵਾਬ ਦਿੰਦਿਆਂ ਕਿਹਾ ਕਿ ‘ਯੋਗੀ ਆਦਿੱਤਿਆਨਾਥ ਦਾ ਬਿਆਨ, ਭਾਜਪਾ ਦੀਆਂ ਵੰਡਪਾਊ ਨੀਤੀਆਂ ਦੀ ਕਵਾਇਦ ਦੇ ਤੌਰ ’ਤੇ ਸ਼ਾਂਤੀਪੂਰਨ ਪੰਜਾਬ ਵਿਚ ਫ਼ਿਰਕੂ ਨਫ਼ਰਤ ਪੈਦਾ ਕਰਨ ਦਾ ਯਤਨ ਹੈ।’ ਅਮਰਿੰਦਰ ਨੇ ਈਦ ਮੌਕੇ ਸ਼ੁੱਕਰਵਾਰ ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨਿਆ ਸੀ। ਕੈਪਟਨ ਅਮਰਿੰਦਰ ਨੇ ਯੋਗੀ ਦੇ ਬਿਆਨ ਨੂੰ ‘ਭੜਕਾਊ’ ਕਰਾਰ ਦਿੰਦਿਆਂ ਕਿਹਾ ਕਿ ਯੂਪੀ ਦੇ ਮੁੱਖ ਮੰਤਰੀ ਉਨ੍ਹਾਂ ਦੇ ਰਾਜ ਦੇ ਮਾਮਲਿਆਂ ਵਿਚ ਦਖ਼ਲ ਨਾ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਯੂਪੀ ਵਿਚ ਭਾਜਪਾ ਦੇ ਰਾਜ ਨਾਲੋਂ ਕਿਤੇ ਬਿਹਤਰ ਹਨ ਜਿੱਥੇ ਭਾਜਪਾ ਚਾਰ ਸਾਲਾਂ ਤੋਂ ਫ਼ਿਰਕੂ ਨਫ਼ਰਤ ਨੂੰ ਹੀ ਸ਼ਹਿ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੀਆਂ ਨੈਤਿਕ ਕਦਰਾਂ-ਕੀਮਤਾਂ ਤੇ ਮਾਲੇਰਕੋਟਲਾ ਨਾਲ ਸਿੱਖ ਭਾਈਚਾਰੇ ਦੀ ਸਾਂਝ ਬਾਰੇ ਵੰਡੀਆਂ ਪਾਉਣ ਵਾਲੇ ਯੋਗੀ ਕੀ ਜਾਣਦੇ ਹਨ? ਭਾਰਤੀ ਸੰਵਿਧਾਨ ਬਾਰੇ ਵੀ ਉਹ ਕੀ ਜਾਣਦੇ ਹਨ ਜਿਸ ਦਾ ਉਨ੍ਹਾਂ ਦੀ ਆਪਣੀ ਸਰਕਾਰ ਹਰ ਰੋਜ਼ ਯੂਪੀ ਵਿਚ ਬੇਸ਼ਰਮੀ ਨਾਲ ਘਾਣ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਦੀਆਂ ਵੰਡਪਾਊ ਨੀਤੀਆਂ ਨੂੰ ਸਾਰੀ ਦੁਨੀਆ ਜਾਣਦੀ ਹੈ। ਯੂਪੀ ਵਿੱਚ ਵੱਖ-ਵੱਖ ਸ਼ਹਿਰਾਂ ਦੇ ਨਾਂ ਬਦਲਣ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਇਸ ਸਭ ਨੂੰ ਯੋਗੀ ਸਰਕਾਰ ਵੱਲੋਂ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕਰਾਰ ਦਿੱਤਾ।
ਕੈਪਟਨ ਨੇ ਯਾਦ ਦਿਵਾਇਆ ਕਿ ਉੱਤਰ ਪ੍ਰਦੇਸ਼ ਲਵ ਜਹਾਦ ਕਾਨੂੰਨਾਂ ਨੂੰ ਪ੍ਰਵਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਸੀ ਅਤੇ ਯੋਗੀ ਆਦਿੱਤਿਆਨਾਥ ਦੀ ਤਾਜ ਮਹਿਲ ਪ੍ਰਤੀ ਖੁੱਲ੍ਹੀ ਨਫ਼ਰਤ (ਜਿਸ ਨੂੰ ਉਹ ਮੁਗ਼ਲਾਂ ਦੀ ਵਿਰਾਸਤ ਵਜੋਂ ਵੇਖਦਾ ਹੈ) ਕੌਮਾਂਤਰੀ ਮੀਡੀਆ ਵਿੱਚ ਆਲੋਚਨਾ ਦਾ ਵਿਸ਼ਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਯੋਗੀ ਦੇ ਟਵੀਟ ਨੂੰ ਭਾਜਪਾ ਦੇ ਪੱਖ ਤੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਬਦਅਮਨੀ ਫੈਲਾਉਣ ਦੀ ਸਾਜ਼ਿਸ਼ ਕਰਾਰ ਦਿੱਤਾ।
ਆਪਣੇ ਸੂਬੇ ’ਤੇ ਧਿਆਨ ਦੇਣ ਯੋਗੀ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਨੂੰ ਆਪਣਾ ਧਿਆਨ ਖ਼ੁਦ ਦੇ ਸੂਬੇ (ਯੂਪੀ) ਨੂੰ ਬਚਾਉਣ ’ਤੇ ਲਗਾਉਣਾ ਚਾਹੀਦਾ ਹੈ ਜਿੱਥੇ ਕੋਵਿਡ ਦੇ ਹਾਲਾਤ ਸਪੱਸ਼ਟ ਤੌਰ ’ਤੇ ਕਾਬੂ ਤੋਂ ਬਾਹਰ ਹਨ। ਮਹਾਮਾਰੀ ਤੋਂ ਪੀੜਤ ਲੋਕਾਂ ਦੀਆਂ ਲਾਸ਼ਾਂ ਨਦੀਆਂ ਵਿੱਚ ਸੁੱਟੀਆਂ ਮਿਲ ਰਹੀਆਂ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਮਾਣ-ਸਤਿਕਾਰ ਨਾਲ ਅੰਤਿਮ ਸੰਸਕਾਰ/ਦਫ਼ਨਾਉਣ ਦੀਆਂ ਰਸਮਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਕੈਪਟਨ ਨੇ ਕਿਹਾ ਕਿ ਯੋਗੀ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।