ਸਰਬਜੀਤ ਸਿੰਘ ਭੰਗੂ/ਬਹਾਦਰ ਸਿੰਘ ਮਰਦਾਂਪੁਰ
ਸ਼ੰਭੂ ਬੈਰੀਅਰ, 11 ਦਸੰਬਰ
ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ’ਚ ਪੈਂਦੇ ਸ਼ੰਭੂ ਬੈਰੀਅਰ ’ਤੇ ਸਨਿੱਚਰਵਾਰ ਨੂੰ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਵਿਆਹ ਵਰਗਾ ਮਾਹੌਲ ਰਿਹਾ। ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੀ ਵੱਧ ਸਮਾਂ ਚੱਲੇ ਮੋਰਚੇ ਨੂੰ ਫਤਿਹ ਕਰਕੇ ਅੱਜ ਸ਼ੰਭੂ ਰਸਤੇ ਪੰਜਾਬ ਪਰਤੇ ਸੰਘਰਸ਼ੀਆਂ ਦਾ ਲੋਕਾਂ ਨੇ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ। ਸ਼ੰਭੂ ਬੈਰੀਅਰ ’ਤੇ ਕਿਸਾਨ-ਮਜ਼ਦੂਰ ਏਕਤਾ ਅਤੇ ਜਿੱਤ ਨੂੰ ਸਮਰਪਿਤ ਗੁੰਜਾਊ ਨਾਅਰੇ ਤੇ ਜੈਕਾਰੇ ਲੱਗੇ। ਇਸ ਮੌਕੇ ਵਿਸ਼ੇਸ਼ ਸਵਾਗਤੀ ਗੇਟ ਵੀ ਬਣਾਇਆ ਗਿਆ ਸੀ। ਕਿਧਰੇ ਡੀਜੇ ’ਤੇ ਕਿਸਾਨੀ ਅਤੇ ਜਿੱਤ ਨੂੰ ਸਮਰਪਿਤ ਗੀਤ ਚੱਲ ਰਹੇ ਸਨ, ਕਿਧਰੇ ਲੋਕ ਢੋਲ ਦੀ ਥਾਪ ’ਤੇ ਭੰਗੜੇ ਪਾ ਰਹੇ ਸਨ ਤੇ ਕਿਧਰੇ ਬੈਂਡ ਵਾਜੇ ਵੱਜ ਰਹੇ ਸਨ। ਰਾਤ ਤੱਕ ਪਟਾਕੇ ਅਤੇ ਆਤਿਸ਼ਬਾਜ਼ੀਆਂ ਚੱਲਦੀਆਂ ਰਹੀਆਂ।
ਲੋਕਾਂ ਨੇ ਜਿਵੇਂ ਇਨ੍ਹਾਂ ਦੇ ਸਵਾਗਤ ਲਈ ਅੱਖਾਂ ਹੀ ਵਿਛਾਅ ਦਿੱਤੀਆਂ ਅਤੇ ਉਨ੍ਹਾਂ ਨੂੰ ਹੱਥਾਂ ’ਤੇ ਚੁੱਕ ਲਿਆ। ਅੰਮ੍ਰਿਤਸਰ-ਦਿੱਲੀ ਸ਼ਾਹ ਰਾਹ ’ਤੇ ਦੋਵੇਂ ਪਾਸੇ ਦੂਰ ਤੱਕ ਖੜ੍ਹੇ ਲੋਕਾਂ ਨੇ ਦਿੱਲੀਓਂ ਪਰਤ ਰਹੇ ਕਾਫਲਿਆਂ ’ਤੇ ਫੁੱਲ ਵਰ੍ਹਾਏ। ਸਮਰਾਲਾ ਦੇ ਰੁਪਿੰੰਦਰ ਸਿੰਘ ਗਿੱਲ ਨੇ ਕਾਫਲਿਆਂ ’ਤੇ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ। ‘ਖਾਲਸਾ ਏਡ’ ਵੱਲੋਂ ਵੱਡੇ ਪੱਧਰ ’ਤੇ ਫਲਾਂ ਦਾ ਲੰਗਰ ਲਾਇਆ ਗਿਆ ਸੀ। ਰਾਤ ਸਾਢੇ ਅੱਠ ਵਜੇ ਤੱਕ ਵੀ ਸੜਕ ਕਿਨਾਰੇ ਤਿੰਨ ਹਜ਼ਾਰ ਤੋਂ ਵੱਧ ਲੋਕ ਸਵਾਗਤ ਕਰਨ ਲਈ ਖੜ੍ਹੇ ਸਨ ਤੇ ਕਾਫਲਿਆਂ ਦੀ ਆਮਦ ਜਾਰੀ ਸੀ।
ਸੰਯੁਕਤ ਕਿਸਾਨ ਮੋਰਚੇ ਦੇ ਕਈ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਸਤਿਨਾਮ ਸਿੰਘ ਬਹਿਰੂ, ਕੁਲਵੰਤ ਸਿੰਘ ਸੰਧੂ, ਮਨਜੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਰਾਏ, ਬਲਵਿੰਦਰ ਮੱਲ੍ਹੀ, ਜੱਗਬੀਰ ਚੌਹਾਨ ਲੱਖਾ ਸਧਾਣਾ, ਸੁਖਜੀਤ ਸਿੰਘ ਬਘੌਰਾ ਸਮੇਤ ਕਈ ਹੋਰ ਵੀ ਇਸੇ ਰਸਤੇ ਪੰਜਾਬ ਪਰਤੇ। ਉਧਰ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਡਾ. ਦਰਸ਼ਨਪਾਲ ਘੱਗਰ ਦਰਿਆ ਦੇ ਪੁਲ ਤੋਂ ਕਰੀਬ ਇਕ ਕਿਲੋਮੀਟਰ ਪੈਦਲ ਆਏ। ਉਨ੍ਹਾਂ ਦਾ ਸਵਾਗਤ ਲੋਕਾਂ ਨੇ ਹਾਰ ਤੇ ਸਿਰੋਪਿਆਂ ਨਾਲ ਕੀਤਾ। ਇਸ ਮੌਕੇ ਲੰਗਰ ਲਾਉਣ ਵਾਲਿਆਂ ’ਚ ਸੰਤ ਹਰਨੇਕ ਸਿੰਘ, ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲੇ, ਸੰਤ ਬੰਤ ਸਿੰਘ ਮਦਨਪੁਰ ਚਲਹੇੜੀ ਵਾਲ਼ਿਆਂ ਸਮੇਤ ਇਲਾਕੇ ਦੇ ਪਿੰਡਾਂ ਸਮੇਤ ਹੋਰ ਦੂਰ ਦੁਰਾਡੇ ਤੋਂ ਵੀ ਲੋਕ ਆਏ ਹੋਏ ਸਨ।
ਅੰਦੋਲਨ ਦੀਆਂ ਯਾਦਾਂ ਸਾਂਭਣ ਲੱਗੇ ਧਰਨਾਕਾਰੀ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਸਵਾ ਸੌ ਤੋਂ ਵੱਧ ਥਾਵਾਂ, ਟੌਲ ਪਲਾਜ਼ਿਆਂ, ਕਾਰਪੋਰੇਟ ਘਰਾਣਿਆਂ ਦੇ ਵਪਾਰਕ ਟਿਕਾਣਿਆਂ, ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਆਦਿ ’ਤੇ ਚੱਲ ਰਹੇ ਲਗਾਤਾਰ ਧਰਨਿਆਂ ’ਤੇ ਕਿਸਾਨ ਅੰਦੋਲਨ ਦੀਆਂ ਯਾਦਾਂ ਸਾਂਭਣ ਲੱਗੇ ਹਨ। ਇੱਥੇ ਅੱਜ ਦਿੱਲੀ ਤੋਂ ਸ਼ੁਰੂ ਹੋਏ ਫ਼ਤਹਿ ਮਾਰਚ ਦੀਆਂ ਖਬਰਾਂ ਦਾ ਅਸਰ ਦੇਖਣ ਨੂੰ ਮਿਲਿਆ। ਪੰਜਾਬ ਵੱਲ ਕੂਚ ਕਰਨ ਸਮੇਂ ਦਿੱਲੀ ਦੇ ਬਾਰਡਰਾਂ ਅਤੇ ਹਰਿਆਣਾ ਵਿੱਚ ਥਾਂ ਥਾਂ ਪੈਂਦੇ ਭੰਗੜੇ, ਗਿੱਧੇ, ਫੁੱਲਾਂ ਦੀ ਬਾਰਸ਼, ਲੰਗਰ, ਸਵਾਗਤੀ ਗੇਟ, ਆਗੂਆਂ ਦੇ ਗਲਾਂ ’ਚ ਪੈਂਦੇ ਹਾਰ ਆਦਿ ਪੰਜਾਬ ’ਚ ਲੱਗੇ ਧਰਨਿਆਂ ’ਚ ਚਰਚਾ ਦਾ ਵਿਸ਼ਾ ਬਣੇ ਰਹੇ। ਆਗੂਆਂ ਨੇ ਇਸ ਮੌਕੇ ਜਿੱਤ ਦੀ ਖ਼ੁਸ਼ੀ ਵੀ ਮਨਾਈ ਤੇ ਇਸ ਸੰਘਰਸ਼ ਨੂੰ ਆਪਣੀਆਂ ਜਾਨਾਂ ਦੇ ਕੇ ਜਿਤਾਉਣ ਵਾਲੇ ਸ਼ਹੀਦ ਯੋਧਿਆਂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਦਿੱਲੀ ਅਤੇ ਹਰਿਆਣਾ ਤੋਂ ਆ ਰਹੀਆਂ ਖਬਰਾਂ ਨੇ ਧਰਨੇ ’ਚ ਵੀ ਮਾਹੌਲ ਜੋਸ਼ੀਲਾ ਬਣਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਫੈ਼ਸਲੇ ਅਨੁਸਾਰ 15 ਦਸੰਬਰ ਇਨ੍ਹਾਂ ਧਰਨਿਆਂ ਦਾ ਆਖਰੀ ਦਿਨ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਭਰ ’ਚ 116 ਥਾਵਾਂ ’ਤੇ ਪਿਛਲੇ ਇੱਕ ਸਾਲ ਤੋ ਪੱਕੇ-ਧਰਨੇ ਜਾਰੀ ਹਨ, ਜੋ ਹੁਣ ਬਾਕਾਇਦਾ ਜਿੱਤ ਦਾ ਐਲਾਨ ਕਰ ਕੇ ਚੁੱਕੇ ਜਾਣਗੇ। ਅੱਜ ਬੁਲਾਰਿਆਂ ਨੇ ਮਾਨਸਾ ਵਿੱਚ ਬੇਰੁਜ਼ਗਾਰ ਅਧਿਆਪਕਾਂ ’ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਲਾਠੀਚਾਰਜ ਦੀ ਅਗਵਾਈ ਕਰਨ ਵਾਲੇ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਵਿਚਲੇ ਡੀਐੱਸਪੀ ਵੱਲੋਂ ਸਿਰੇ ਦੀ ਜ਼ਾਲਮਾਨਾ ਬਿਰਤੀ ਦਾ ਮੁਜ਼ਾਹਰਾ ਕੀਤਾ ਗਿਆ ਹੈ।
ਅੰਦੋਲਨ ਦੌਰਾਨ ਹਰਿਆਣਵੀਆਂ ਨਾਲ ਵਿਲੱਖਣ ਸਾਂਝ ਪਈ: ਜੇਠੂਕੇ
ਡੱਬਵਾਲੀ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ’ਤੇ ਜਿੱਤ ਹਾਸਲ ਕਰਕੇ ਦਿੱਲੀ ਤੋਂ ਪਰਤ ਰਹੇ ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਪਹੁੰਚਣ ’ਤੇ ਕਿਹਾ ਕਿ ਲੋਕਾਂ ਦੇ ਏਕੇ ਨੇ ਸਿਰਫ਼ ਖੇਤੀ ਕਾਨੂੰਨ ਹੀ ਵਾਪਸ ਨਹੀਂ ਕਰਵਾਏ, ਸਗੋਂ ਪੰਜਾਬ-ਹਰਿਆਣਾ ਦੇ ਲੋਕਾਂ ਦੀ ਵਿਲੱਖਣ ਸਾਂਝ ਵੀ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ 15 ਮਹੀਨਿਆਂ ਤੋਂ ਸੂਬੇ ’ਚ ਕਿਸਾਨਾਂ ਤੇ ਆਮ ਲੋਕਾਂ ਦਾ ਰਾਜ ਚੱਲਿਆ ਆ ਰਿਹਾ ਹੈ ਤੇ ਅਗਾਂਹ ਵੀ ਚੱਲੇਗਾ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਟੌਲ ਪਲਾਜ਼ਿਆਂ ਦੇ ਵਧਾਏ ਰੇਟ ਕਿਸੇ ਕੀਮਤ ’ਤੇ ਮਨਜ਼ੂਰ ਨਹੀਂ ਕੀਤੇ ਜਾਣਗੇ ਅਤੇ ਪੁਰਾਣੀਆਂ ਦਰਾਂ ਬਹਾਲ ਹੋਣ ਤੱਕ ਟੌਲ ਪਲਾਜ਼ੇ ਚੱਲਣ ਨਹੀਂ ਦਿੱਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਵਾਧੇ ਨੂੰ ਤੁਰੰਤ ਵਾਪਸ ਲਵੇ। ਇੱਥੇ ਸਵਾਗਤ ਸਮਾਗਮ ’ਚ ਪੁੱਜਣ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਜੇਠੂਕੇ ਨੇ ਕਿਹਾ ਕਿ ਦੁਨੀਆਂ ਆਖਦੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਨਣਾ ਨਹੀਂ ਪਰ ਲੋਕ ਏਕੇ ਨੇ ਇਸ ਅਸੰਭਵ ਗੱਲ ਨੂੰ ਵੀ ਸੰਭਵ ਕਰਕੇ ਵਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਜਿੱਤਣ ਮਗਰੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਝੂਠਾਂ ਦਾ ਹਿਸਾਬ ਕੀਤਾ ਜਾਵੇਗਾ, ਕਿਉਂਕਿ ਉਹ ਸਿਰਫ਼ ਐਲਾਨ ਹੀ ਕਰਦਾ ਹੈ, ਦਿੰਦਾ ਕੁੱਝ ਵੀ ਨਹੀਂ। ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਪੁੱਛਣ ’ਤੇ ਆਖਿਆ ਕਿ ਭਾਕਿਯੂ ਏਕਤਾ ਉਗਰਾਹਾਂ ਦਾ ਚੋਣਾਂ ਬਾਰੇ ਸਟੈਂਡ ਸਪੱਸ਼ਟ ਹੈ ਕਿ ਸਰਕਾਰ ’ਤੇ ਝਾਕ ਨਾ ਰੱਖੋ ਤੇ ਆਪਣੀ ਰਾਖੀ ਖ਼ੁਦ ਕਰੋ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਦੀਆਂ ਵੱਡੀਆਂ ਲੜਾਈਆਂ ਖਾਤਰ ਕਮਰਕੱਸੇ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਸਾਨ-ਮਜ਼ਦੂਰ ਏਕਤਾ ’ਤੇ ਜ਼ੋਰ ਦਿੰਦਿਆਂ ਖੇਤ ਮਜ਼ਦੂਰਾਂ ਦੇ 12 ਦਸੰਬਰ ਨੂੰ ਰੇਲ ਰੋਕੋ ਅੰਦੋਲਨ ’ਚ ਕਿਸਾਨਾਂ ਵੱਲੋਂ ਸ਼ਮੂਲੀਅਤ ਦਾ ਐਲਾਨ ਕੀਤਾ। ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਨੇ ਕਿਹਾ ਕਿ ਵਿਲੱਖਣ ਅਤੇ ਇਤਿਹਾਸਕ ਜਿੱਤ ਨੇ ਲੋਕਾਂ ਦੇ ਏਕੇ ਦੀ ਤਾਕਤ ਦਰਸਾਈ ਹੈ ਤੇ ਅਗਾਂਹ ਸੰਘਰਸ਼ਾਂ ਦਾ ਰਾਹ ਵੀ ਖੁੱਲ੍ਹਿਆ ਹੈ। ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਕਿਸਾਨਾਂ ਨੇ ਇਸ ਇਤਿਹਾਸਕ ਜਿੱਤ ਨਾਲ ਕਾਰਪੋਰੇਟ ਘਰਾਣਿਆਂ ਪ੍ਰਤੀ ਮੋਦੀ ਸਰਕਾਰ ਦੀ ਨੀਤੀ ਨੂੰ ਜ਼ਮੀਨ ਚਟਾਈ ਹੈ।
ਖਟਕੜ ਕਲਾਂ ਪੁੱਜਣ ’ਤੇ ਕਾਫ਼ਲੇ ਦਾ ਭਰਵਾਂ ਸਵਾਗਤ
ਬੰਗਾ (ਸੁਰਜੀਤ ਮਜਾਰੀ): ਦਿੱਲੀ ਤੋਂ ਘੋਲ ਜਿੱਤ ਕੇ ਪਰਤੇ ਕਿਰਤੀ ਕਿਸਾਨ ਯੂਨੀਅਨ ਦੇ ਕਾਫ਼ਲੇ ਨੇ ਖਟਕੜ ਕਲਾਂ ਪੁੱਜ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਕਾਫ਼ਲੇ ਦਾ ਸਵਾਗਤ ਕਰਨ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਜਿਉਂ ਹੀ ਕਾਫ਼ਲਾ ਸ਼ਹੀਦ ਭਗਤ ਸਿੰਘ ਸਮਾਰਕ ’ਤੇ ਪੁੱਜਿਆ ਤਾਂ ਲੋਕਾਂ ਨੇ ਇਨਕਲਾਬੀ ਨਾਅਰਿਆਂ ਨਾਲ ਗਰਮਜੋਸ਼ੀ ਨਾਲ ਇਸ ਦਾ ਸਵਾਗਤ ਕੀਤਾ। ਇਸ ਮਗਰੋਂ ਮੌਨ ਧਾਰ ਕੇ ਦਿੱਲੀ ਘੋਲ ਦੇ ਸ਼ਹੀਦਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਸਿੰਘ ਢੇਸੀ, ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਸ ਘੋਲ ਨੂੰ ਇਤਿਹਾਸਕ ਬਣਾਉਣ ਲਈ ਹਰ ਵਰਗ ਨੇ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਹਰ ਉਮਰ ਵਰਗ ਦੇ ਯੋਗਦਾਨ ਨੇ ਇਸ ਘੋਲ ਨੂੰ ਥਿੜਕਣ ਨਹੀਂ ਦਿੱਤਾ ਅਤੇ ਹਾਕਮਾਂ ਦੇ ਹਰ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਹੈ।