ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 5 ਜੁਲਾਈ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸੂਬਾ ਕਮੇਟੀ ਨੇ ਰਾਜ ਭਰ ਵਿੱਚ ਸਰਗਰਮ ਭੂ-ਮਾਫ਼ੀਆ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਧੱਕੇ ਨਾਲ ਕਬਜ਼ੇ ਕਰਨ ਵਿਰੁੱਧ ਜਥੇਬੰਦਕ ਲੜਾਈ ਵਿੱਢਣ ਦਾ ਫ਼ੈਸਲਾ ਕੀਤਾ ਹੈ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਹੋਈ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮੂੰਗੀ, ਮੱਕੀ ਸਣੇ ਹੋਰ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ, ਜਲੰਧਰ, ਜਗਰਾਉਂ, ਨਵਾਂਸ਼ਹਿਰ ਅਤੇ ਕਪੂਰਥਲਾ ਜਿੱਥੇ ਮੱਕੀ ਅਤੇ ਮੂੰਗੀ ਦੀ ਆਮਦ ਵਧੇਰੇ ਹੁੰਦੀ ਹੈ, ਵਿੱਚ ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਅੱਗੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ। ਇਸ ਦੌਰਾਨ ਸਰਬਸੰਮਤੀ ਨਾਲ ਜਥੇਬੰਦੀ ਦਾ ਸੂਬਾ ਇਜਲਾਸ 25 ਅਗਸਤ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ। ਕਈ ਕਿਸਾਨਾਂ ਨਾਲ ਕਰੋੜਾਂ ਰੁਪਏ ਦੇ ਹੇਰ ਫੇਰ ਦੇ ਮਾਮਲੇ ਵਿੱਚ 25 ਜੁਲਾਈ ਨੂੰ ਮੌੜ ਮੰਡੀ ਵਿੱਚ ਖੁੱਲ੍ਹੀ ਕਾਨਫ਼ਰੰਸ ਕਰਨ ਦਾ ਵੀ ਐਲਾਨ ਕੀਤਾ।
ਕਿਸਾਨ ਅੱਜ ਫੂਕਣਗੇ ਮੁੱਖ ਮੰਤਰੀ ਤੇ ਖੇਤੀ ਮੰਤਰੀ ਦੀਆਂ ਅਰਥੀਆਂ
ਮਾਨਸਾ (ਪੱਤਰ ਪ੍ਰੇਰਕ): ਇੱਥੇ ਅੱਜ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਕਿ ਮੂੰਗੀ, ਮੱਕੀ, ਸੂਰਜਮੁਖੀ ਅਤੇ ਬਨਸਪਤੀ ਫ਼ਸਲਾਂ ਦੀ ਖਰੀਦ ਸਮਰਥਨ ਮੁੱਲ (ਐੱਮਐੱਸਪੀ) ’ਤੇ ਖਰੀਦਣ ਦੀ ਮੰਗ ਨੂੰ ਲੈ ਕੇ ਮਾਨਸਾ ਵਿੱਚ 6 ਜੁਲਾਈ ਨੂੰ ਮੁੱਖ ਮੰਤਰੀ ਅਤੇ ਖੇਤੀ ਮੰਤਰੀ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰੁਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੁ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਮੋਰਚੇ ਦੀ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਇਹ ਅਰਥੀਆਂ ਜ਼ਿਲ੍ਹਾ ਮੰਡੀ ਅਫ਼ਸਰ ਦੇ ਦਫ਼ਤਰ ਅੱਗੇ ਸਾੜੀਆਂ ਜਾਣਗੀਆਂ।