ਚਰਨਜੀਤ ਭੁੱਲਰ
ਚੰਡੀਗੜ੍ਹ, 10 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਵਿੱਖ ਦਾ ਹਾਣੀ ਬਣਾਉਣ ਲਈ ਸਰਕਾਰੀ ਸਕੂਲਾਂ ਵਿਚ ਵਿਦੇਸ਼ੀ ਭਾਸ਼ਾਵਾਂ ਪੜ੍ਹਾਉਣ ਦੇ ਮੌਕੇ ਦੇਣ ਲਈ ਸਕੂਲ ਸਿੱਖਿਆ ਵਿਭਾਗ ਨੂੰ ਇਸ ਵਾਸਤੇ ਰੂਪ ਰੇਖਾ ਤਿਆਰ ਲਈ ਕਿਹਾ ਹੈ ਤਾਂ ਜੋ ਚਾਹਵਾਨ ਵਿਦਿਆਰਥੀ ਚੋਣਵੇਂ ਵਿਸ਼ੇ ਵਜੋਂ ਵਿਦੇਸ਼ੀ ਭਾਸ਼ਾ ਸਿੱਖ ਸਕਣ। ਮੁੱਖ ਮੰਤਰੀ ਨੇ ਅੱਜ ਗ੍ਰੇਡਿੰਗ ਇੰਡੈਕਸ (ਪੀਜੀਆਈ) 2019-20 ਵਿੱਚ ਪੰਜਾਬ ਦੇ ਅੱਵਲ ਆਉਣ ’ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨਾਲ ਗੱਲਬਾਤ ਕਰ ਰਹੇ ਸਨ। ਅਧਿਆਪਕਾਂ ਨੇ ਸਿੱਖਿਆ ਸੁਧਾਰਾਂ ਬਾਰੇ ਆਪਣੇ ਤਜਰਬੇ ਮੁੱਖ ਮੰਤਰੀ ਨਾਲ ਸਾਂਝੇ ਕੀਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਭਾਸ਼ਾਵਾਂ ਤੋਂ ਜਾਣੂ ਹੋਣ ਨਾਲ ਵਿਸ਼ਵ ਭਰ ’ਚ ਰੁਜ਼ਗਾਰ ਪ੍ਰਾਪਤੀ ਲਈ ਰਾਹ ਮੋਕਲੇ ਹੁੰਦੇ ਹਨ। ਅਮਰਿੰਦਰ ਨੇ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਚੀਨੀ, ਅਰਬੀ ਅਤੇ ਫਰੈਂਚ ਜਿਹੀਆਂ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੇ ਯੋਗ ਬਣਾਉਣ ਲਈ ਮੌਕੇ ਤਲਾਸ਼ੇ ਜਾਣ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਯਾਦ ਕਰਦਿਆਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਤਾਂ ਪਹਿਲਾਂ ਹੀ ਸਕੂਲਾਂ ਵਿੱਚ ਸਿਖਾਈ ਜਾ ਰਹੀ ਹੈ। ਹੁਣ ਵਿਦੇਸ਼ੀ ਭਾਸ਼ਾਵਾਂ ਨੂੰ ਕਰੀਅਰ ਬਿਹਤਰੀ ਲਈ ਸਿਖਾਇਆ ਜਾਣਾ ਬਣਦਾ ਹੈ।
ਅਮਰਿੰਦਰ ਸਿੰਘ ਨੇ ਕਪੂਰਥਲਾ ਜ਼ਿਲ੍ਹੇ ’ਚ ਇਟਾਲੀਅਨ ਭਾਸ਼ਾ ਸਿਖਾਏ ਜਾਣ ਵਾਲੀ ਲੱਗੀ ਤਖ਼ਤੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਵਿਦੇਸ਼ਾਂ ਵਿਚ ਵਸਣਾ ਚਾਹੁੰਦੇ ਹਨ, ਉਨ੍ਹਾਂ ਲਈ ਵਿਦੇਸ਼ੀ ਭਾਸ਼ਾਵਾਂ ਤੋਂ ਜਾਣੂ ਕਰਾਉਣ ਵਿਚ ਸਕੂਲ ਸਿੱਖਿਆ ਵਿਭਾਗ ਭੂਮਿਕਾ ਨਿਭਾਏਗਾ।
ਮੁੱਖ ਮੰਤਰੀ ਨੇ ਸਕੂਲ ਸਿੱਖਿਆ ਮੰਤਰੀ ਨੂੰ ਸਕੂਲਾਂ ਵਿਚ ਖੇਡ ਮੈਦਾਨ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਵਾਸਤੇ ਵੀ ਆਖਿਆ। ਮੁੱਖ ਮੰਤਰੀ ਨੇ ਕਾਰਗੁਜ਼ਾਰੀ ਗ੍ਰੇਡਿੰਗ ਇੰਡੈਕਸ (ਪੀਜੀਆਈ) 2019-20 ਵਿਚ ਦੇਸ਼ ਭਰ ’ਚ ਪੰਜਾਬ ਨੂੰ ਅੱਵਲ ਦਰਜੇ ਦਾ ਸੂਬਾ ਬਣਾਉਣ ਲਈ ਅਧਿਆਪਕਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਮੁੱਚੇ ਸਟਾਫ ਨੂੰ ਵਧਾਈ ਵੀ ਦਿੱਤੀ।
ਉਨ੍ਹਾਂ ਆਨਲਾਈਨ ਅਧਿਆਪਕ ਤਬਾਦਲਾ ਨੀਤੀ, ਸਮਾਰਟ ਸਕੂਲ ਨੀਤੀ, ਪ੍ਰੀ-ਪ੍ਰਾਇਮਰੀ ਸਿੱਖਿਆ, ਡਿਜੀਟਲ ਸਿੱਖਿਆ ਅਤੇ ਸਰਹੱਦੀ ਖੇਤਰਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਦਾ ਵਿਸ਼ੇਸ਼ ਕਾਡਰ ਬਣਾਉਣ ਜਿਹੀਆਂ ਕੁਝ ਅਹਿਮ ਪਹਿਲਕਦਮੀਆਂ ਲਈ ਸਕੂਲ ਸਿੱਖਿਆ ਮਹਿਕਮੇ ਦੀ ਪਿੱਠ ਥਾਪੜੀ। ਮੁੱਖ ਮੰਤਰੀ ਨੇ ਦਾਖ਼ਲਿਆਂ ਵਿਚ 29 ਫੀਸਦੀ ਵਾਧੇ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।
ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਵਿਭਾਗ ਵਿਦੇਸ਼ੀ ਭਾਸ਼ਾਵਾਂ ਵਿੱਚ ਆਨਲਾਈਨ ਕੋਰਸਾਂ ਦੀ ਸਹੂਲਤ ਵਾਲੇ ਡਿਜੀਟਲ ਪਲੇਟਫਾਰਮਾਂ ਨਾਲ ਨੇੜਿਓਂ ਕੰਮ ਕਰੇਗਾ ਤਾਂ ਜੋ ਸਾਡੇ ਵਿਦਿਆਰਥੀ ਆਪਣੀ ਪਸੰਦ ਦੀਆਂ ਵਿਦੇਸ਼ੀ ਭਾਸ਼ਾਵਾਂ ਸਿੱਖ ਸਕਣ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿੱਚ ਸਕੂਲ ਸਿੱਖਿਆ ਵਿਭਾਗ ਦੀ ਆਨਲਾਈਨ ਅਧਿਆਪਕ ਤਬਾਦਲਾ ਨੀਤੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨਾਲ ਅੱਜ ਪੂਜਾ ਸ਼ਰਮਾ (ਸ਼ਹੀਦ ਭਗਤ ਸਿੰਘ ਨਗਰ), ਜਸਪ੍ਰੀਤ ਸਿੰਘ (ਸੰਗਰੂਰ), ਮਨਪ੍ਰੀਤ ਕੌਰ (ਅੰਮ੍ਰਿਤਸਰ), ਸਰਨਜੀਤ ਸਿੰਘ (ਜਲੰਧਰ), ਰਜਨੀ ਸੋਢੀ (ਗੁਰਦਾਸਪੁਰ), ਕਰਮਜੀਤ ਕੌਰ (ਲੁਧਿਆਣਾ) ਅਤੇ ਫਰਜ਼ਾਨਾ (ਫਰੀਦਕੋਟ) ਸਮੇਤ ਕਈ ਅਧਿਆਪਕਾਂ ਨੇ ਸਕੂਲੀ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਆਪਣੇ ਤਜਰਬੇ ਸਾਂਝੇ ਕੀਤੇ।
ਯੂ-ਟਿਊਬ ’ਤੇ ਛਿੜੀ ਵਿਰੋਧ ਮੁਹਿੰਮ
ਚੰਡੀਗੜ੍ਹ : ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅੱਜ ਅਧਿਆਪਕਾਂ ਨਾਲ ਵਾਰਤਾਲਾਪ ਪ੍ਰੋਗਰਾਮ ਦੇ ਵਿਰੋਧ ਵਿਚ ਬੇਰੁਜ਼ਗਾਰ ਧਿਰਾਂ ਨਿੱਤਰੀ ਆਈਆਂ। ਮੁੱਖ ਮੰਤਰੀ ਦਾ ਜੋ ਯੂ-ਟਿਊਬ ਲਾਈਵ ਪ੍ਰੋਗਰਾਮ ਹੋਇਆ ਹੈ, ਉਸ ਖ਼ਿਲਾਫ਼ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਆਦਿ ਨੇ ਇੱਕ ਮੁਹਿੰਮ ਚਲਾਈ ਜਿਸ ਦੇ ਵਜੋਂ ਇਹ ਪ੍ਰੋਗਰਾਮ ਲਾਈਕ ਤੋਂ ਜ਼ਿਆਦਾ ਡਿਸਲਾਈਕ ਹੋ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਲੂਕਾ ਨੇ ਦੱਸਿਆ ਕਿ ਉਹ ਚਾਰ ਦਿਨਾਂ ਤੋਂ ਮੁਹਿੰਮ ਚਲਾ ਰਹੇ ਸਨ ਜਿਸ ਦੇ ਵਜੋਂ ਯੂ ਟਿਊਬ ’ਤੇ ਇਹ ਪ੍ਰੋਗਰਾਮ 7.30 ਵਜੇ ਤੱਕ ਸ਼ਾਮੀਂ 5800 ਤੋਂ ਵੱਧ ਡਿਸਲਾਈਕ ਹੋਇਆ ਹੈ ਜਦੋਂ ਕਿ 1700 ਜਣਿਆਂ ਨੇ ਲਾਈਕ ਕੀਤਾ ਹੈ।