ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਪਰੈਲ
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਲੰਘੀ 23 ਅਪਰੈਲ ਨੂੰ ਦਿੱਲੀ ਦੀ ਸਿੰਘੂ ਹੱਦ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਬਦਤਮੀਜ਼ੀ ਦੀ ਨਿਖੇਧੀ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 23 ਅਪਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਾਲੀ ਥਾਂ ਕੁਝ ਸ਼ਰਾਰਤੀ ਅਨਸਰਾਂ ਨੇ ਦਾਖਲ ਹੋ ਕੇ ਕਿਸਾਨ ਮੋਰਚੇ ਕੋਲੋਂ ਸੰਸਦ ਭਵਨ ਵੱਲ ਮਾਰਚ ਕਰਨ ਦੀ ਤਾਰੀਖ ਦਾ ਜਬਰੀ ਐਲਾਨ ਕਰਵਾਉਣ ਦੀ ਵਾਹ ਲਾਈ ਸੀ। ਉਨ੍ਹਾਂ ਕਿਹਾ ਕਿ ਇਹ ਉਹੀ ਤਾਕਤਾਂ ਹਨ ਜੋ ਸਮੁੱਚੀਆਂ ਹਾਲਤਾਂ ਨੂੰ ਸਮਝੇ ਬਿਨਾਂ ਹੀ ਬਿਆਨ ਦਾਗਣ ’ਚ ਮਸ਼ਰੂਫ ਹਨ ਤੇ ਕਿਸਾਨ ਸੰਘਰਸ਼ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਕਮ ਧਿਰ ਵੱਲੋਂ ਖਾਸ ਕਰ ਕਰੋਨਾ ਸੰਕਟ ਦੇ ਦੌਰ ਸਮੇਂ ਮੋਰਚੇ ਨੂੰ ਬਦਨਾਮ ਕਰਨ ਤੇ ਖਿੰਡਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਤਾਂ ਵਿੱਚ ਕਿਸੇ ਵੀ ਦੀ ਮਾਅਰਕੇਬਾਜ਼ ਪਹੁੰਚ ਰਾਹੀਂ ਚੁੱਕਿਆ ਗਿਆ ਕਦਮ ਅਹਿਮ ਪੜਾਅ ’ਤੇ ਪੁੱਜੇ ਸੰਘਰਸ਼ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਏਗਾ। ਦੋਵਾਂ ਆਗੂਆਂ ਸਪੱਸ਼ਟ ਕੀਤਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਮੋਰਚੇ ਦੀ ਤਾਕਤ ਨੂੰ ਅਸੂਲੀ ਇਕਜੁੱਟ ਕਰਕੇ, ਸੰਘਰਸ਼ ਨੂੰ ਪੜਾਅਵਾਰ ਅੱਗੇ ਵਧਾਉਂਦਿਆਂ ਹੀ ਮੋਦੀ ਹਕੂਮਤ ਦੇ ਕਿਸਾਨ ਤੇ ਲੋਕ ਵਿਰੋਧੀ ਹੱਲੇ ਨੂੰ ਪਛਾੜਿਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੰਦੋਲਨਕਾਰੀਆ ਨੂੰ ਬਿਜਲੀ, ਪਾਣੀ ਅਤੇ ਦੁੱਧ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਵੀ ਲੰਮਾ ਸਮਾਂ ਸੰਘਰਸ਼ ਲਈ ਮਾਨਸਿਕ ਤੌਰ ’ਤੇ ਤਿਆਰ ਰਹਿਣ ਲਈ ਵੀ ਕਿਹਾ। ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਮੋਰਚੇ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਤੋਂ ਚੌਕਸ ਰਹਿਣ ਲਈ ਕਿਹਾ।
ਸੰਸਦ ਮਾਰਚ ਵਾਲਾ ਪੋਸਟਰ ਝੂਠਾ ਕਰਾਰ
ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਉੱਪਰ 30 ਅਪਰੈਲ ਨੂੰ ਸੰਸਦ ਮਾਰਚ ਵਾਲਾ ਪੋਸਟਰ ਸਾਂਝਾ ਕੀਤਾ ਜਾ ਰਿਹਾ ਹੈ, ਉਹ ਝੂਠਾ ਹੈ ਅਤੇ ਇਸ ਪੋਸਟਰ ਨਾਲ ਮੋਰਚੇ ਦਾ ਕੋਈ ਸਬੰਧ ਨਹੀਂ ਹੈ। ਮੋਰਚੇ ਨੇ ਕਿਹਾ, ‘ਅੱਜ ਸੋਸ਼ਲ ਮੀਡੀਆ ’ਤੇ ਸ਼ਰਾਰਤੀ ਅਨਸਰਾਂ ਨੇ ਇੱਕ ਪੋਸਟਰ ਸ਼ੇਅਰ ਕੀਤਾ ਜਿਸ ਵਿੱਚ ਬੀਕੇਯੂ ਕ੍ਰਾਂਤੀਕਾਰੀ, ਐੱਸਐੱਫਐੱਸ ਅਤੇ ਲੱਖਾ ਸਿਧਾਣਾ ਵੱਲੋਂ 30 ਅਪਰੈਲ ਨੂੰ ਸੰਸਦ ਮਾਰਚ ਦਾ ਸੱਦਾ ਦਿੱਤਾ ਗਿਆ ਹੈ। ਸਯੁੰਕਤ ਕਿਸਾਨ ਮੋਰਚਾ ਇਹ ਸਪਸ਼ਟ ਕਰਦਾ ਹੈ ਕਿ ਇਹ ਪੋਸਟਰ ਬਿਲਕੁਲ ਝੂਠਾ ਹੈ ਤੇ ‘ਫੇਕ ਆਈਡੀਜ਼’ ਵੱਲੋਂ ਸ਼ੇਅਰ ਕੀਤਾ ਗਿਆ ਹੈ ਜੋ ਲਗਾਤਾਰ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।’