ਜਗਤਾਰ ਸਿੰਘ ਲਾਂਬਾ/ਬੀ ਐਸ ਚਾਨਾ
ਅੰਮ੍ਰਿਤਸਰ/ਸ੍ਰੀ ਆਨੰਦਪੁਰ ਸਾਹਿਬ , 28 ਨਵੰਬਰ
ਸ਼੍ਰੋਮਣੀ ਕਮੇਟੀ ਦੀ ਨਵੀਂ ਬਣੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਪੰਥਕ ਮਸਲਿਆਂ ਦੇ ਹੱਲ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਮਿਲ ਬੈਠ ਕੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਬਿਹਤਰ ਵਿਚਾਰ ਪ੍ਰਬੰਧ ਉਸਾਰਨ ਦਾ ਯਤਨ ਕੀਤਾ ਜਾਵੇਗਾ। ਬੀਬ ਜਗੀਰ ਕੌਰ ਨੇ ਕਿਹਾ ਕਿ ਕੋਈ ਵੀ ਸੰਸਥਾ ਭਵਿੱਖ ਵਿੱਚ ਚੰਗੇ ਨਤੀਜੇ ਤਾਂ ਹੀ ਦੇ ਸਕਦੀ ਹੈ, ਜੇ ਉਸ ਨੂੰ ਸਭ ਦਾ ਸਹਿਯੋਗ ਮਿਲੇ। ਇਸ ਲਈ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਦੀ ਰੌਸ਼ਨੀ ਵਿਚ ਕਾਰਜਸ਼ੀਲ ਰਹੇਗੀ ਅਤੇ ਹਰ ਚੰਗੇ ਵਿਚਾਰ ਦਾ ਸਵਾਗਤ ਕਰੇਗੀ। ਉਨ੍ਹਾਂ ਸਮੁੱਚੀਆਂ ਸਿੱਖ ਜਥੇਬੰਦੀਆਂ, ਪੰਥਕ ਧਿਰਾਂ, ਸੰਸਥਾਵਾਂ, ਸੰਪਰਦਾਵਾਂ, ਸਭਾ ਸੁਸਾਇਟੀਆਂ ਤੇ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕੋਲੋਂ ਪੰਥਕ ਕਾਰਜਾਂ ਲਈ ਸਹਿਯੋਗ ਦੀ ਅਪੀਲ ਕੀਤੀ।
ਸ਼੍ਰੋਮਣੀ ਕਮੇਟੀ ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦਾ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੜ੍ਹਦੀ ਕਲਾ ਤੇ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ, ਜਿਸ ਸਬੰਧੀ ਜਲਦੀ ਵਿਦਵਾਨਾਂ, ਉੱਚ ਅਧਿਕਾਰੀਆਂ ਅਤੇ ਬੁੱਧੀਜੀਵੀਆਂ ਨਾਲ ਬੈਠਕ ਕਰ ਕੇ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।