ਜਗਜੀਤ ਸਿੰਘ
ਮੁਕੇਰੀਆਂ, 1 ਮਈ
ਸੂਬੇ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅੱਜ ਕੰਢੀ ਕੈਨਾਲ ਸਟੇਜ-1 (ਕੰਕਰੀਟ ਲਾਈਨਿੰਗ) ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਦਾਅਵਾ ਕੀਤਾ ਕਿ ਸੂਬੇ ਅੰਦਰ ਸਿੰਜਾਈ ਪ੍ਰਾਜੈਕਟ ਸੁਚਾਰੂ ਤਰੀਕੇ ਨਾਲ ਚਲਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਸਿੰਜਾਈ ਲਈ ਲੋੜੀਂਦੀ ਮਾਤਰਾ ਵਿੱਚ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਵੀ ਹਾਜ਼ਰ ਸਨ।
ਸ੍ਰੀ ਜਿੰਪਾ ਨੇ ਦੱਸਿਆ ਕਿ ਕੰਢੀ ਨਹਿਰ ਦੇ ਪਹਿਲੇ ਪੜਾਅ ਵਿੱਚ ਤਲਵਾੜਾ ਤੋਂ ਹੁਸ਼ਿਆਰਪੁਰ ਤੱਕ ਕਰੀਬ 60 ਕਿਲੋਮੀਟਰ ਲਈ 125 ਕਰੋੜ ਦੀ ਲਾਗਤ ਨਾਲ ਰੀਹੈਬਲੀਟੇਸ਼ਨ (ਕੰਕਰੀਟ ਲਾਈਨਿੰਗ) ਦਾ ਕੰਮ ਕਰਵਾਇਆ ਜਾਵੇਗਾ, ਜਿਸ ਵਿਚੋਂ ਅੱਜ 70 ਕਰੋੜ ਰੁਪਏ ਦੀ ਲਾਗਤ ਨਾਲ ਆਰਡੀ 0 ਤੋਂ 30 ਕਿਲੋਮੀਟਰ ਪਿੰਡ ਮਲਕੋਵਾਲ ਤੱਕ ਰੀਹੈਬਲੀਟੇਸ਼ਨ (ਕੰਕਰੀਟ ਲਾਈਨਿੰਗ) ਦਾ ਕੰਮ ਲੱਗਪਗ ਪੂਰਾ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਰਾਹੀਂ ਕਿਸਾਨਾਂ ਨੂੰ ਨਹਿਰੀ ਸਿੰਜਾਈ ਦੀ ਸਹੂਲਤ ਦੇਣ ਵਾਸਤੇ ਲਗਪਗ 44 ਥਾਵਾਂ ਤੋਂ ਪਾਈਪਾਂ ਰਾਹੀਂ 105 ਪਿੰਡਾਂ ਨੂੰ ਨਿਰਵਿਘਨ ਪਾਣੀ ਪਹੁੰਚਾਇਆ ਜਾਵੇਗਾ। ਜਲ ਸਰੋਤ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਨਹਿਰ ਦੀ ਪਹੁੰਚ ਵਿੱਚ ਘੋਗਰਾ ਡਿਸਟ੍ਰੀਬਿਊਟਰੀ, ਦਸੂਹਾ, ਮੀਰਪੁਰ ਮਾਈਨਰ, ਪੰਨਵਾਂ ਡਿਸਟ੍ਰੀਬਿਊਟਰੀ, ਬਲੱਗਣ ਮਾਈਨਰ, ਜੁਝਾਰ ਤੇ ਡੱਫਰ ਰਜਬਾਹਾ ਆਉਂਦੇ ਹਨ। ਕਿਸਾਨਾਂ ਨੂੰ ਪਾਣੀ ਮੁਹੱਈਆ ਕਰਾਉਣ ਲਈ ਇਨ੍ਹਾਂ ਡਿਸਟ੍ਰੀਬਿਊਟਰੀਆਂ ਤੇ ਮਾਈਨਰਾਂ ਦੀ ਸਫ਼ਾਈ ਦਾ ਕੰਮ ਮਨਰੇਗਾ ਸਕੀਮ ਤਹਿਤ ਕਰਵਾਇਆ ਗਿਆ ਹੈ।
13,309 ਏਕੜ ਰਕਬੇ ਦੀ ਹੋਵੇਗੀ ਸਿੰਜਾਈ
ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪ੍ਰਾਜੈਕਟ ਤਹਿਤ ਦਸੂਹਾ ਤੇ ਮੁਕੇਰੀਆਂ ਦੀ 13,309 ਏਕੜ ਜ਼ਮੀਨ ਦੀ ਸਿੰਜਾਈ ਹੋਵੇਗੀ, ਜਿਸ ਵਿਚੋਂ ਦਸੂਹਾ ਵਿਧਾਨ ਸਭਾ ਹਲਕੇ ਦਾ 2,150 ਏਕੜ ਤੇ ਮੁਕੇਰੀਆਂ ਵਿਧਾਨ ਸਭਾ ਹਲਕੇ ਦਾ ਕਰੀਬ 11,159 ਏਕੜ ਰਕਬਾ ਸਿੰਜਾਈ ਅਧੀਨ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਾਹ ਨਹਿਰ ਬੈਰਾਜ ਤੋਂ ਲੈ ਕੇ ਟੇਰਕਿਆਣਾ ਟੇਲ ਤੱਕ ਖਰਾਬ ਹੋਈ ਨਹਿਰ ਦਾ ਦੁਬਾਰਾ ਨਿਰਮਾਣ ਕਰਵਾਇਆ ਜਾਵੇਗਾ।