ਅਸ਼ਵਨੀ ਗਰਗ
ਸਮਾਣਾ, 22 ਜਨਵਰੀ
ਸੰਯੁਕਤ ਸੰਘਰਸ਼ ਪਾਰਟੀ ਦੇ ਸਰਪ੍ਰਸਤ ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਰਾਜਨੀਤੀ ਦੇ ਅਸਲ ਮਾਇਨੇ ਭੁੱਲ ਚੁੱਕੀਆਂ ਹਨ। ਇਸ ਲਈ ਉਨ੍ਹਾਂ ਲੋਕਾਂ ਨੂੰ ਸੱਤਾ ਤੋਂ ਦੂਰ ਕਰਨ ਤੇ ਸਾਫ਼-ਸੁਥਰੀ ਸਾਥ ਵਾਲੇ ਅਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਦਾ ਉਦੇਸ਼ ਲੈ ਕੇ ਹੀ ਉਹ ਰਾਜਨੀਤੀ ਵਿਚ ਆਏ ਹਨ। ਉਹ ਅੱਜ ਇੱਥੇ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਸਾਂਝੇ ਉਮੀਦਵਾਰ ਰਛਪਾਲ ਸਿੰਘ ਜੌੜਾਮਾਜਰਾ ਦੇ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਹ 31 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮਨਾਏ ਜਾ ਰਹੇ ਵਾਅਦਾਖ਼ਿਲਾਫ਼ੀ ਦਿਵਸ ਵਿਚ ਜ਼ਰੂਰ ਸ਼ਾਮਲ ਹੋਣਗੇ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਲੋਕਾਂ ਨੂੰ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਦੇਣਗੇ, ਬੱਚਿਆਂ ਨੂੰ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ, ਆਰਥਿਕ ਤੰਗੀ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਰੋਕੀਆਂ ਜਾਣਗੀਆਂ ਤੇ ਪੰਜਾਬ ’ਚੋਂ ਨਸ਼ੇ ਖ਼ਤਮ ਕਰਕੇ ਪੰਜਾਬ ਦੀ ਜਵਾਨੀ ਨੂੰ ਚੰਗੇ ਰਸਤੇ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਆਮ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਤੇ ਸਮਾਜ ਵਿਚ ਗ਼ਰੀਬ-ਅਮੀਰ ਦਾ ਪਾੜਾ ਵਧਦਾ ਜਾ ਰਿਹੈ।
ਰਛਪਾਲ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਹ ਸਮਾਜ ਸੇਵਾ ਦੇ ਮਕਸਦ ਨਾਲ ਚੋਣਾਂ ਵਿੱਚ ਉਤਰੇ ਹਨ। ਇਸ ਮੌਕੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਉਨ੍ਹਾਂ ਨਾਲ ਹਾਜ਼ਰ ਸਨ।