ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਅਪਰੈਲ
ਕਰੋਨਾ ਨੂੰ ਮਾਤ ਦੇਣ ਤੋਂ ਬਾਅਦ ਅੱਜ ਟਿਕਰੀ ਹੱਦ ਦੀ ਸਟੇਜ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਐੱਫਸੀਆਈ ਦਾ ਭੋਗ ਪਾਉਣਾ ਚਾਹੁੰਦੀ ਹੈ, ਜੋ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਮੋਦੀ ਸਰਕਾਰ ਤੋਂ ਐੱਫਸੀਆਈ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਧੇ ਬੈਂਕ ਖਾਤੇ ਵਿੱਚ ਅਦਾਇਗੀ ਦਾ ਪ੍ਰਬੰਧ ਹਾਲ ਦੀ ਘੜੀ ਵਾਪਸ ਲੈ ਕੇ ਅਦਾਇਗੀ ਫਸਲ ਦੇ ਕਾਸ਼ਤਕਾਰ ਨੂੰ ਹੀ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਤੈਅ ਕੀਤੇ ਗਏ ਐੱਮਐੱਸਪੀ ’ਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਦੇਣ, ਕਣਕ ਖਰੀਦਣ ਲਈ ਲਾਈਆਂ ਸਖ਼ਤ ਸ਼ਰਤਾਂ ਵਾਪਸ ਲੈਣ ਅਤੇ ਤੁਰੰਤ ਬਾਰਦਾਨੇ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪਰਮਜੀਤ ਕੌਰ ਕੋਟੜਾ ਅਤੇ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਪੂੰਜੀਪਤੀ ਘਰਾਣਿਆਂ ਵੱਲੋਂ ਹੁਣ ਕੇਂਦਰ ਸਰਕਾਰ ’ਤੇ ਇਹ ਕਾਨੂੰਨ ਟੇਢੇ ਢੰਗ ਨਾਲ ਲਾਗੂ ਕਰਵਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸੇ ਤਹਿਤ ਹੀ ਸਰਕਾਰ ਐੱਫਸੀਆਈ ਨੂੰ ਪੂਰਾ ਬਜਟ ਨਾ ਦੇ ਕੇ ਖਰੀਦ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।