ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 9 ਅਪਰੈਲ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮਆਰਐੱਸਪੀਟੀਯੂ) ਦੇ ਪਹਿਲੇ ਕਨਵੋਕੇਸ਼ਨ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਕੇ ਸੂਬੇ ’ਚੋਂ ਹੁਨਰ ਦੀ ਹਿਜ਼ਰਤ ਰੋਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੀਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ ਕਿ ਇੱਥੇ ਅੰਗਰੇਜ਼ ਵੀ ਨੌਕਰੀ ਕਰਨ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਕਨੀਕੀ ਸਿੱਖਿਆ ਦਾ ਯੁੱਗ ਹੈ, ਇਸ ਲਈ ਮੌਜੂਦਾ ਸਿੱਖਿਆ ਨੂੰ ਰੁਜ਼ਗਾਰ ਦੀ ਹਾਣੀ ਬਣਾਉਣ ਦੀ ਲੋੜ ਹੈ। ਉਨ੍ਹਾਂ ਪੰਜਾਬ ਵਿੱਚ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੂਬੇ ਵਿੱਚ ਸਨਅਤ ਪੱਖੀ ਮਾਹੌਲ ਸਿਰਜਣ ਵਾਸਤੇ ਲੋਕਾਂ ਤੋਂ ਕੁਝ ਸਮਾਂ ਮੰਗਦਿਆਂ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ, ਖਾਸ ਕਰ ਕੇ ਲੜਕੀਆਂ ਨੂੰ ਆਪਣੀ ਪਸੰਦ ਦੇ ਖੇਤਰ ਵਿੱਚ ਮੱਲਾਂ ਮਾਰਨ ਦੀ ਆਜ਼ਾਦੀ ਦੇਣ। ਇਸ ਮੌਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਤਿੰਨ ਉੱਘੀਆਂ ਸ਼ਖ਼ਸੀਅਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਪਾਏ ਯੋਗਦਾਨ ਲਈ ਆਨਰੇਰੀ ਡਾਕਟਰੇਟ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ। ਇਨ੍ਹਾਂ ਵਿੱਚ ਸਮਾਜ ਸੇਵੀ ਡਾ. ਐੱਸਪੀਐੱਸ ਓਬਰਾਏ, ਸਨਅਤਕਾਰ ਰਾਜਿੰਦਰ ਗੁਪਤਾ ਅਤੇ ਇਸਰੋ ਦੇ ਸਾਬਕਾ ਚੇਅਰਮੈਨ ਡਾ. ਰਾਧਾ ਕ੍ਰਿਸ਼ਨਨ ਸ਼ਾਮਲ ਹਨ। ਭਗਵੰਤ ਮਾਨ ਨੇ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਗੋਲਡ ਮੈਡਲ ਪ੍ਰਦਾਨ ਕੀਤੇ, ਜਦਕਿ ਯੂਨੀਵਰਸਿਟੀ ਦੇ ਬੋਰਡ ਆਫ ਸਟੱਡੀਜ਼ ਦੇ ਚੇਅਰਮੈਨ ਵਿਕਾਸ ਗਰਗ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਰਾਜਪਾਲ ਅਤੇ ਮੁੱਖ ਮੰਤਰੀ ਨੇ ਯੂਨੀਵਰਸਿਟੀ ਵੱਲੋਂ ਉੱਨਤ ਤਕਨੀਕਾਂ ਵਿੱਚ ਸ਼ੁਰੂ ਕੀਤੇ ਗਏ 75 ਆਨਲਾਈਨ ਸਰਟੀਫਿਕੇਟ ਕੋਰਸਾਂ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ, ਵਿਧਾਇਕ ਜਗਰੂਪ ਸਿੰਘ ਗਿੱਲ, ਪ੍ਰੋ. ਬਲਜਿੰਦਰ ਕੌਰ, ਗੁਰਮੀਤ ਸਿੰਘ ਖੁੱਡੀਆਂ, ਗੁਰਪ੍ਰੀਤ ਸਿੰਘ ਬਣਾਂਵਾਲੀ, ਅਮਿਤ ਰਤਨ, ਮਾਸਟਰ ਜਗਸੀਰ ਸਿੰਘ ਤੇ ਬਲਕਾਰ ਸਿੱਧੂ ਸਮੇਤ ਹੋਰ ਹਾਜ਼ਰ ਸਨ।
ਦੇਸ਼ ਅਤੇ ਸਮਾਜ ਲਈ ਆਮਦਨੀ ਦਾ ਸਾਧਨ ਬਣ ਸਕਦੇ ਨੇ ਨੌਜਵਾਨ: ਰਾਜਪਾਲ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ‘ਬੋਲੇ ਸੋ ਨਿਹਾਲ’ ਨਾਲ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਅਤੇ ਸਮਾਜ ਲਈ ਆਮਦਨੀ ਦਾ ਸਾਧਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਟੈਕਨਾਲੋਜਿਸਟ ਸਮੱਸਿਆ ਹੱਲ ਕਰਨ ਵਾਲੇ ਹੁੰਦੇ ਹਨ, ਜੋ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੁਖਾਲੇ, ਬਿਹਤਰ ਅਤੇ ਕਿਫ਼ਾਇਤੀ ਢੰਗ-ਤਰੀਕੇ ਤਲਾਸ਼ਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਰਗੇ ਵੱਕਾਰੀ ਇੰਸਟੀਚਿਊਟ ਇਹ ਚੁਣੌਤੀਆਂ ਪੂਰੀਆਂ ਕਰਨ ਲਈ ਟੈਕਨਾਲੋਜਿਸਟ ਤਿਆਰ ਕਰਦੇ ਹਨ। ਉਨ੍ਹਾਂ ਨੌਜਵਾਨ ਟੈਕਨਾਲੋਜਿਸਟਾਂ ਨੂੰ ਸੱਦਾ ਦਿੱਤਾ ਕਿ ਉਹ ਰੁਜ਼ਗਾਰ ਦੇ ਮੌਕੇ ਲੱਭਣ ਦੀ ਜਗ੍ਹਾ ਰੁਜ਼ਗਾਰ ਸਿਰਜਣ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਆਪਣੇ ਸਬੰਧਤ ਕਾਲਜਾਂ ਵਿੱਚ ਉੱਦਮਤਾ ਅਤੇ ਨਵੀਨਤਾ ਲਈ ਉਸਾਰੂ ਮਾਹੌਲ ਸਿਰਜਣ ਦਾ ਸੱਦਾ ਦਿੱਤਾ।
ਮਾਨ ਵੱਲੋਂ ਧਰਨਾਕਾਰੀਆਂ ਦੇ ਤਿੰਨ ਮੈਂਬਰੀ ਵਫ਼ਦ ਨਾਲ ਮੀਟਿੰਗ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਪੁਲੀਸ ਵਿੱਚ 2016 ਤੋਂ ਅਧੂਰੀ ਪਈ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਾਉਣ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਦੀ ਮੰਗ ਸਬੰਧੀ ਇਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਿਛਲੇ 12 ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਉਮੀਦਵਾਰਾਂ ਦੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇੱਕ ਕਮੇਟੀ ਬਣਾ ਕੇ ਇੱਕ ਮਹੀਨੇ ਵਿੱਚ ਇਸ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਹੈ, ਜਿਸ ਮਗਰੋਂ ਧਰਨਾਕਾਰੀਆਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਚੱਲ ਰਿਹਾ ਪੱਕਾ ਮੋਰਚਾ 10 ਅਪਰੈਲ ਨੂੰ ਸਮਾਪਤ ਕਰਨ ਦਾ ਫੈ਼ਸਲਾ ਲਿਆ ਗਿਆ ਹੈ। ਧਰਨਾਕਾਰੀਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਲਈ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦਾ ਧੰਨਵਾਦ ਕੀਤਾ।