ਪਾਲ ਸਿੰਘ ਨੌਲੀ
ਜਲੰਧਰ, 24 ਅਕਤੂਬਰ
ਸਾਬਕਾ ਹਾਕੀ ਓਲੰਪੀਅਨ ਅਤੇ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਡੀ.ਏ.ਵੀ. ਯੂਨੀਵਰਸਿਟੀ ਵਿੱਚ ਕ੍ਰਿਕਟ ਦਾ ਜੇਤੂ ਸ਼ਾਟ ਖੇਡ ਕੇ ਪੰਜਾਬ ਨੂੰ ਦੇਸ਼ ਦੀ ਖੇਡ ਨਰਸਰੀ ਬਣਾਉਣ ਲਈ ਰੋਡ ਮੈਪ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਕ੍ਰਿਕਟ ਖੇਡਦਿਆਂ ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਤੋਂ ਹੁਨਰਮੰਦ ਖਿਡਾਰੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਤਰਾਸ਼ਣ ਅਤੇ ਸਰਕਾਰੀ ਅਤੇ ਨਿਰੰਤਰ ਕਾਰਪੋਰੇਟ ਸਮਰਥਨ ਨਾਲ ਉਨ੍ਹਾਂ ਨੂੰ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪਛਾਣ ਬਣਾਉਣ ਦੇ ਮੌਕੇ ਪ੍ਰਦਾਨ ਕਰਵਾਏ ਜਾਣਗੇ।
ਪਰਗਟ ਸਿੰਘ ਇੱਥੇ ਡੀਏਵੀ ਯੂਨੀਵਰਸਿਟੀ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਆਏ ਸਨ। ਉਹ ਸਿੱਧੇ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਪੁੱਜੇ ਅਤੇ ਵਿਦਿਆਰਥੀਆਂ ਨਾਲ ਕ੍ਰਿਕਟ ਵੀ ਖੇਡੇ। ਯੂਨੀਵਰਸਿਟੀ ਦੀ ਚਾਂਸਲਰ ਡਾ. ਪੂਨਮ ਸੂਰੀ ਨੇ ਯੂਨੀਵਰਸਿਟੀ ਪਹੁੰਚਣ ’ਤੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਕੈਂਪਸ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਪ ਕੁਲਪਤੀ ਡਾ. ਜਸਬੀਰ ਰਿਸ਼ੀ, ਕਾਰਜਕਾਰੀ ਨਿਰਦੇਸ਼ਕ ਰਾਜਨ ਗੁਪਤਾ, ਰਜਿਸਟਰਾਰ ਡੀ. ਆਰ.ਐੱਨ. ਕੌਲ, ਡੀਨ ਅਕਾਦਮਿਕ ਡਾ. ਆਰ ਕੇ ਸੇਠ ਅਤੇ ਡਿਪਟੀ ਡਾਇਰੈਕਟਰ ਖੇਡਾਂ, ਡਾ. ਯਸ਼ਬੀਰ ਸਿੰਘ ਸ਼ਾਮਲ ਸਨ।